ਮੋਦੀ ਸਰਕਾਰ ਨੇ ਦੇਸ਼ ਦੀ ਅਰਥ-ਵਿਵਸਥਾ ਬੁਰੀ ਤਰ੍ਹਾਂ ਖ਼ਤਮ ਕੀਤੀ : ਤਿਵਾੜੀ

02/18/2020 10:08:00 AM

ਪਟਿਆਲਾ (ਜੋਸਨ, ਰਾਜੇਸ਼): ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐੱਮ. ਪੀ. ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਦੇ ਧਰਮ-ਨਿਰਪੱਖਤਾ ਦੇ ਬੁਨਿਆਦੀ ਵਿਚਾਰ ਅਤੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼੍ਰੀ ਤਿਵਾੜੀ ਅੱਜ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ 'ਭਾਰਤ 'ਚ ਰਾਜਨੀਤੀ ਅਤੇ ਸ਼ਾਸਨ ਦੇ ਸਨਮੁੱਖ ਸਮਕਾਲੀਨ ਮੁੱਦੇ 'ਤੇ ਚੁਣੌਤੀਆਂ : ਉੱਭਰਦੀਆਂ ਤਬਦੀਲੀਆਂ ਤੇ ਭਵਿੱਖੀ ਏਜੰਡਾ' ਵਿਸ਼ੇ 'ਤੇ ਕਰਵਾਈ ਜਾ ਰਹੀ ਚੌਥੀ ਦੋ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਮੌਜੂਦ ਸਨ।

ਤਿਵਾੜੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਸੰਵੇਦਨਸ਼ੀਲ ਮੌਕਾ ਬਣਿਆ ਹੈ ਜਦੋਂ ਦੇਸ਼ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀਆਂ ਦਰਪੇਸ਼ ਹਨ। ਭਾਰਤ ਦੀ ਨਾਗਰਿਕਤਾ ਦਾ ਆਧਾਰ ਧਰਮ ਨਹੀਂ ਹੋ ਸਕਦਾ ਕਿਉਂਕਿ 1947 ਦੀ ਵੰਡ ਸਮੇਂ ਇਸਲਾਮਿਕ ਪਾਕਿਸਤਾਨ ਅਤੇ ਧਰਮ-ਨਿਰਪੱਖ ਭਾਰਤ ਦੀ ਸਿਰਜਣਾ ਹੋਈ ਸੀ। ਸੀ. ਏ. ਏ. ਦੇਸ਼ ਦੇ ਸੰਵਿਧਾਨ ਦੇ ਮੁਢਲੇ ਸਿਧਾਂਤਾਂ ਨੂੰ ਹੀ ਰੱਦ ਕਰਦਾ ਹੈ। ਉਨ੍ਹਾਂ ਅਫ਼ਸੋਸ ਨਾਲ ਕਿਹਾ ਕਿ ਭਾਜਪਾ ਨੇ ਧਾਰਾ 370 ਮਨਸੂਖ ਕਰਨ ਸਮੇਤ ਨਾਗਰਿਕਤਾ ਸੋਧ ਐਕਟ, ਕੌਮੀ ਜਨਸੰਖਿਆ ਰਜਿਸਟਰ ਤੇ ਕੌਮੀ ਨਾਗਰਿਕਤਾ ਰਜਿਸਟਰ ਰਾਹੀਂ ਦੇਸ਼ ਦੇ ਨਾਗਰਿਕਾਂ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀ ਕੀਤੀਆਂ ਹਨ।

ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਤਿਵਾੜੀ ਸਮੇਤ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਕਾਨਫਰੰਸ ਦੇ ਕੋਆਰਡੀਨੇਟਰ ਡਾ. ਸੁਰੇਸ਼ ਸ਼ਰਮਾ ਨੇ ਕਾਨਫਰੰਸ ਦੇ ਮੰਤਵ ਬਾਰੇ ਚਾਨਣਾ ਪਾਇਆ। ਫਰੇਜ਼ਰ ਵੈਲੀ ਕੈਨੇਡਾ ਯੂਨੀਵਰਸਿਟੀ ਤੋਂ ਡਾ. ਪ੍ਰਭਜੋਤ ਪਰਮਾਰ ਨੇ ਕੁੰਜੀਵਤ ਭਾਸ਼ਣ ਦਿੱਤਾ। ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਚੇਅਰਮੈਨ ਡਾ. ਪੀ. ਸਾਹਨੀ ਨੇ ਉਦਘਾਟਨੀ ਪਰਚਾ ਪੜ੍ਹਿਆ। ਮੰਚ ਸੰਚਾਲਨ ਡਾ. ਜਗਮੋਹਨ ਸਿੰਘ ਨੇ ਕੀਤਾ।ਇਸ ਮੌਕੇ ਕਾਨਫਰੰਸ ਦੇ ਸਕੱਤਰ ਪ੍ਰੋ. ਲਵਲੀਨ ਪਰਮਾਰ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਕਾਨਫਰੰਸ 'ਚ ਪੈਨਲ ਚਰਚਾ ਹੋਈ। 5 ਤਕਨੀਕੀ ਸੈਸ਼ਨਾਂ ਦੌਰਾਨ 120 ਖੋਜ-ਪੱਤਰ ਪੜ੍ਹੇ ਗਏ।


Shyna

Content Editor

Related News