ਪ੍ਰਵਾਸੀ ਮਜ਼ਦੂਰ ਮੁਡ਼ ਪੰਜਾਬ ਵਾਪਸ ਪਰਤਣੇ ਸ਼ੁਰੂ

6/12/2020 1:02:37 AM

ਪਟਿਆਲਾ/ਰੱਖਡ਼ਾ, (ਰਾਣਾ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਦੌਰਾਨ ਆਰਥਿਕ ਤੰਗੀ ਨਾਲ ਜੂਝਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਵੱਖ ਵੱਖ ਪਿੱਤਰੀ ਸੂਬਿਆਂ ਵਿਚ ਭੇਜਣ ਦਾ ਖਰਚਾ ਪੰਜਾਬ ਸਰਕਾਰ ਨੇ ਸਰਕਾਰੀ ਖਜਾਨੇ ਵਿਚੋਂ ਕੀਤਾ, ਜਦੋਂਕਿ ਪੰਜਾਬ ਦੀ ਜਨਤਾ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੀ ਸੀ। ਹੈਰਾਨੀ ਦੀ ਗੱਲ ਹੈ ਕਿ ਪਿੱਤਰੀ ਸੂਬਿਆਂ ਨੂੰ ਭੇਜੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ਮੁਡ਼ ਪੰਜਾਬ ਨੂੰ ਵਾਪਸ ਪਰਤਣੀ ਸ਼ੁਰੂ ਹੋ ਗਈ ਹੈ। ਜੇਕਰ ਪ੍ਰਵਾਸੀ ਮਜ਼ਦੂਰਾਂ ਨੇ ਇੰਨੀ ਜਲਦੀ ਪੰਜਾਬ ਵਾਪਸ ਪਰਤਣਾ ਹੀ ਸੀ ਤਾਂ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿਚ ਜਾਣ ਲਈ ਕੀਤੇ ਗਏ ਖਰਚੇ ਦਾ ਜਿਮੇਵਾਰ ਕੌਣ ਹੈ ? ਜਿਕਰਯੋਗ ਹੈ ਕਿ ਪ੍ਰਸ਼ਾਸ਼ਨ ਵੱਲੋਂ ਦੋ ਹਫਤਿਆਂ ਦੌਰਾਨ ਆਪਣੇ ਨਾਲ ਹੋਈ ਖੱਜਲ ਖੁਆਰੀ ਤੋਂ ਬਾਅਦ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਵਿਚ ਭੇਜਣ ਲਈ ਰੇਲਾਂ, ਬੱਸਾਂ ਤੇ ਨਿੱਜੀ ਵਾਹਨ ਮੁਹੱਈਆ ਕਰਵਾ ਕੇ ਇਨ੍ਹਾਂ ਨੂੰ ਘਰ ਤੱਕ ਪਹੁੰਚਾਇਆ ਗਿਆ, ਜਿਨ੍ਹਾਂ ਨੂੰ ਮਾਸਕ, ਸੈਨੀਟਾਈਜ਼ਰ, ਖਾਣਾ ਆਦਿ ਮੁਹੱਈਆ ਕਰਵਾਉਣ ਲਈ ਕਰੋਡ਼ਾਂ ਰੁਪਏ ਖਰਚੇ ਗਏ, ਜਿਸ ਦੇ ਬਾਵਜੂਦ ਬਹੁਤੇ ਪ੍ਰਵਾਸੀ ਵਾਪਸ ਪੰਜਾਬ ਪਰਤ ਆਏ ਹਨ ਉਥੇ ਹੀ ਝੋਨੇ ਦੀ ਲੁਵਾਈ ਦਾ ਰੇਟ ਵਧਣ ਕਾਰਨ ਪ੍ਰਵਾਸੀ ਮਜ਼ਦੂਰ ਬਾਗੋ-ਬਾਗ ਹਨ। ਇਨ੍ਹਾਂ ਪ੍ਰਵਾਸੀਆਂ ਵਿਚੋਂ ਕਈ ਮਜ਼ਦੂਰਾਂ ਦੇ ਕੋਰੋਨਾ ਪਾਜ਼ਟਿਵ ਆਉਣ ਕਾਰਨ ਸੂਬਾ ਸਰਕਾਰ ਵੱਲੋਂ ਪਹਿਲਾਂ ਕੀਤੇ ਬਚਾਓ ਕਾਰਜਾਂ ’ਤੇ ਪਾਣੀ ਫਿਰ ਚੁੱਕਿਆ ਹੈ। ਆਖਿਰ ਸਰਕਾਰ ਦੀ ਅਜਿਹੀ ਕੀ ਮਜਬੂਰੀ ਸੀ ਕਿ ਇੰਨੀ ਵੱਡੀ ਤਾਦਾਦ ਵਿਚ ਸਰਕਾਰੀ ਤੰਤਰ ਤੇ ਖਜਾਨੇ ਨੂੰ ਖੋਰ੍ਹਾ ਲਗਾ ਕੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਸੂਬਿਆਂ ਵਿਚ ਭੇਜਿਆ ਗਿਆ ਅਤੇ ਜਾਣ ਵੇਲੇ ਰੇਲਵੇ ਸਟੇਸ਼ਨਾਂ ਤੋਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪਰਚੇ ਵੰਡ ਕੇ ਕੀਤੇ ਪ੍ਰਚਾਰ ਨੇ ਕੁਦਰਤੀ ਮਹਾਂਮਾਰੀ ਵਿਚ ਵੀ ਰਾਜਨੀਤੀ ਕਰਨ ਦੀ ਚਾਲ ਵੀ ਜਾਰੀ ਰੱਖੀ। ਜਦੋਂ ਕਿ ਉਸ ਤੋਂ ਅੱਧ ਖਰਚੇ ਵਿਚ ਇਨ੍ਹਾਂ ਸਮੁੱਚੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਅਤੇ ਜੇਬ ਖਰਚ ਦੇ ਕੇ ਇੱਥੇ ਹੀ ਰੱਖਿਆ ਜਾ ਸਕਦਾ ਸੀ। ਅਜਿਹਾ ਹੋਣ ਨਾਲ ਕੋਰੋਨਾ ਮਹਾਂਮਾਰੀ ਦੇ ਆਦਾਨ ਪ੍ਰਦਾਨ ਤੋਂ ਵੀ ਬਚਿਆ ਜਾਂਦਾ, ਉਦਯੋਗ ਚਾਲੂ ਰਹਿੰਦੇ ਤੇ ਝੋਨੇ ਦੀ ਲਵਾਈ ਵੀ ਸਸਤੀ ਤੇ ਸਮੇਂ ਸਿਰ ਹੋ ਜਾਂਦੀ ਤੇ ਕਿਸਾਨ ਕਣਕ ਦੇ ਘੱਟ ਝਾਡ਼ ਕਾਰਨ ਪਏ ਘਾਟੇ ਅਤੇ ਮਹਿੰਗੇ ਝੋਨੇ ਦੀ ਲਵਾਈ ਤੋਂ ਵੀ ਬਚ ਜਾਂਦੇ। ਜਦੋਂ ਪੰਜਾਬ ਤੋਂ ਗਏ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਨੇ ਵੀ ਸਿੱਧੇ ਤੌਰ ’ਤੇ ਦਾਖਲਾ ਦੇਣ ਤੋਂ ਰੋਕ ਦਿੱਤਾ, ਪਰ ਇਹ ਵਾਪਸ ਪੰਜਾਬ ਪਰਤਣ ਵੇਲੇ ਕਿਹਡ਼ੀਆਂ ਸਾਵਧਾਨੀਆਂ ਵਿਚ ਦਾਖਲ ਹੋ ਰਹੇ ਹਨ, ਇਸ ਦੀ ਕੋਈ ਸਿੱਧੀ ਜਵਾਬਦੇਹੀ ਨਜ਼ਰ ਨਹੀਂ ਆ ਰਹੀ। ਲਿਹਾਜ਼ਾ ਇਹ ਸਾਰਾ ਕੁਝ ਰਾਜਨੀਤੀ ਦੀ ਭੇਂਟ ਚਡ਼੍ਹਦਾ ਦਿਖਾਈ ਦੇ ਰਿਹਾ ਹੈ।


Bharat Thapa

Content Editor Bharat Thapa