ਟੈੱਟ ਪ੍ਰੀਖਿਆ ਦੇ ਸੈਂਟਰ ਚੰਡੀਗੜ੍ਹ ਸ਼ਿਫਟ ਹੋਣ ’ਤੇ ਭੜਕੇ ਅਧਿਆਪਕ, ਫ਼ੈਸਲੇ ਦਾ ਕੀਤਾ ਤਿੱਖਾ ਵਿਰੋਧ

Saturday, Apr 18, 2026 - 09:46 AM (IST)

ਟੈੱਟ ਪ੍ਰੀਖਿਆ ਦੇ ਸੈਂਟਰ ਚੰਡੀਗੜ੍ਹ ਸ਼ਿਫਟ ਹੋਣ ’ਤੇ ਭੜਕੇ ਅਧਿਆਪਕ, ਫ਼ੈਸਲੇ ਦਾ ਕੀਤਾ ਤਿੱਖਾ ਵਿਰੋਧ

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 19 ਅਪ੍ਰੈਲ ਨੂੰ ਕਰਵਾਈ ਜਾ ਰਹੀ ਟੈੱਟ ਪ੍ਰੀਖਿਆ ਲਈ ਜ਼ਿਲ੍ਹਾ ਪੱਧਰ ਦੀ ਬਜਾਏ ਚੰਡੀਗੜ੍ਹ 'ਚ ਸੈਂਟਰ ਬਣਾਏ ਜਾਣ ਕਾਰਨ ਪੂਰੇ ਪੰਜਾਬ ਦੇ ਅਧਿਆਪਕਾਂ 'ਚ ਭਾਰੀ ਨਾਰਾਜ਼ਗੀ ਅਤੇ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਉੱਪਰੋਂ ਸਵੇਰੇ 7:30 ਵਜੇ ਰਿਪੋਰਟਿੰਗ ਦਾ ਹੁਕਮ ਜਾਰੀ ਹੋਣ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ। ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਇਸ ਫ਼ੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਹੀ ਸਰਕਾਰ ਦੀਆਂ ਨੀਤੀਆਂ ਤੋਂ ਅਧਿਆਪਕ ਵਰਗ ਪਰੇਸ਼ਾਨ ਸੀ, ਹੁਣ ਇਸ ਹੁਕਮ ਨੇ ਉਨ੍ਹਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ।

ਫਿਰੋਜ਼ਪੁਰ, ਤਰਨਤਾਰਨ ਵਰਗੇ ਸਰਹੱਦੀ ਜ਼ਿਲ੍ਹਿਆਂ ਤੋਂ ਅਧਿਆਪਕ ਇੰਨੀ ਸਵੇਰੇ ਚੰਡੀਗੜ੍ਹ ਕਿਵੇਂ ਪਹੁੰਚਣਗੇ? ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਅਧਿਆਪਕ ਦਾ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। ਇਸ ਮੁੱਦੇ ਨੂੰ ਸਿੱਖਿਆ ਮੰਤਰੀ ਦੇ ਸਾਹਮਣੇ ਵੀ ਚੁੱਕਿਆ ਗਿਆ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪ੍ਰੀਖਿਆ ਵਾਲੇ ਦਿਨ ਚੰਡੀਗੜ੍ਹ 'ਚ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣ ਸਕਦੀ ਹੈ ਅਤੇ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਉੱਥੇ ਹੀ ਕਈ ਅਧਿਆਪਕਾਂ ਦੇ ਇੱਕੋ ਦਿਨ 'ਚ ਦੋ-ਦੋ ਪੇਪਰ ਹੋਣ ਕਾਰਨ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਤੇ ਬਾਅਦ 'ਚ ਵੀ ਸਫ਼ਰ ਕਰਨਾ ਪਵੇਗਾ, ਜਿਸ ਨਾਲ ਸਕੂਲਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਵੇਗਾ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਫ਼ੈਸਲਾ ਵਾਪਸ ਨਾ ਲਿਆ ਤਾਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।
 


author

Babita

Content Editor

Related News