ਜ਼ਿਲੇ ਦੇ 7,48,012 ਵੋਟਰ ਲੋਕ ਸਭਾ ਦੇ 20 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ : ਜ਼ਿਲਾ ਚੋਣ ਅਫਸਰ

05/17/2019 12:25:00 PM

ਮੋਗਾ (ਗੋਪੀ ਰਾਊਕੇ)—ਲੋਕ ਸਭਾ ਚੋਣਾਂ ਲਈ 19 ਮਈ ਨੂੰ ਹੋ ਰਹੀਆਂ ਵੋਟਾਂ ਦੇ ਮੱਦੇ-ਨਜ਼ਰ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਨੇ ਦੱਸਿਆ ਕਿ ਜ਼ਿਲੇ ਦੇ 7 ਲੱਖ 48 ਹਜ਼ਾਰ 012 ਵੋਟਰ, ਚੋਣਾਂ ਲੜ ਰਹੇ 20 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ 'ਚ ਭੂਮਿਕਾ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰਾਂ 'ਚ 7,45,160 ਜਨਰਲ ਵੋਟਰ ਅਤੇ 2,852 ਸਰਵਿਸ ਵੋਟਰ ਹਨ। ਸੰਦੀਪ ਹੰਸ ਨੇ ਵੋਟਰਾਂ ਬਾਰੇ ਦੱਸਿਆ ਕਿ ਇਨ੍ਹਾਂ 'ਚੋਂ 398740 ਮਰਦ ਵੋਟਰ, 349256 ਮਹਿਲਾ ਵੋਟਰ ਅਤੇ 16 ਹੋਰ ਵੋਟਰ ਹਨ। ਇਸ ਤੋਂ ਇਲਾਵਾ 18 ਤੋਂ 19 ਸਾਲ ਉਮਰ ਵਰਗ ਦੇ 12822 ਵੋਟਰ, 100 ਸਾਲ ਤੋਂ ਵਡੇਰੀ ਉਮਰ ਦੇ 166 ਅਤੇ 4070 ਦਿਵਿਆਂਗ ਵੋਟਰ ਵੀ ਇਨ੍ਹਾਂ 'ਚ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਸਥਾਪਿਤ ਕੀਤੇ ਗਏ 773 ਪੋਲਿੰਗ ਸਟੇਸ਼ਨਾਂ 'ਚੋਂ 125 ਪੋਲਿੰਗ ਸਟੇਸ਼ਨ ਅਤੀ ਸੰਵੇਦਨਸ਼ੀਲ, 158 ਸੰਵੇਦਨਸ਼ੀਲ ਅਤੇ 157 ਵਲਨਰੇਬਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ 'ਤੇ ਵੱਧ ਗਿਣਤੀ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ 'ਚ 14 ਅਤੀ ਸੰਵੇਦਨਸ਼ੀਲ, 33 ਸੰਵੇਦਨਸ਼ੀਲ ਅਤੇ 47 ਵਰਨਰੇਬਲ ਪੋਲਿੰਗ ਸਟੇਸ਼ਨ ਹਨ। ਬਾਘਾਪੁਰਾਣਾ 'ਚ 27 ਅਤੀ ਸੰਵੇਦਨਸ਼ੀਲ, 27 ਸੰਵੇਦਨਸ਼ੀਲ ਤੇ 27 ਵਰਨਰੇਬਲ, ਮੋਗਾ 'ਚ 20 ਅਤੀ ਸੰਵੇਦਨਸ਼ੀਲ, 48 ਸੰਵੇਦਨਸ਼ੀਲ ਤੇ 68 ਵਰਨਰੇਬਲ ਅਤੇ ਹਲਕਾ ਧਰਮਕੋਟ 'ਚ 64 ਅਤੀ ਸੰਵੇਦਨਸ਼ੀਲ, 50 ਸੰਵੇਦਨਸ਼ੀਲ ਤੇ 15 ਵਰਨਰੇਬਲ ਪੋਲਿੰਗ ਸਟੇਸ਼ਨ ਹਨ। ਇਸ ਤੋਂ ਇਲਾਵਾ ਪੋਲਿੰਗ ਡਿਊਟੀ ਲਈ 3,720 ਅਧਿਕਾਰੀਆਂ/ਕਰਮਚਾਰੀਆਂ ਨੂੰ ਚੋਣ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ।

ਉਨ੍ਹਾਂ ਕਿਹਾ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 7.00 ਤੋਂ ਸ਼ਾਮ 6.00 ਵਜੇ ਤੱਕ ਹੋਵੇਗਾ। ਸੀਨੀਅਰ ਕਪਤਾਨ ਪੁਲਸ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪੁਲਸ ਨੇ ਪੁਖਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਲਗਭਗ 1,800 ਪੁਲਸ ਕਰਮਚਾਰੀਆਂ ਤੋਂ ਇਲਾਵਾ ਪੈਰਾ ਮਿਲਟਰੀ ਦੀਆਂ 9 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰ-ਸਮਾਜੀ ਅਨਸਰ ਨੂੰ ਕੋਈ ਗੜਬੜ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਪੁਰ-ਅਮਨ ਤੇ ਨਿਰਪੱਖ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗਾ।

ਵੋਟਰ 11 ਦਸਤਾਵੇਜ਼ਾਂ 'ਚੋਂ ਕਿਸੇ ਇਕ ਦੀ ਵਰਤੋਂ ਕਰ ਕੇ ਵੀ ਕਰ ਸਕਦੇ ਹਨ ਵੋਟ ਦਾ ਭੁਗਤਾਨ
19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਰ ਦੀ ਸਹੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵੱਲੋਂ ਵੋਟਰ ਫੋਟੋ ਪਹਿਚਾਣ ਪੱਤਰ (ਐਪਿਕ ਵੋਟਰ ਆਈ. ਡੀ. ਕਾਰਡ) ਤੋਂ ਇਲਾਵਾ ਵੋਟਰ ਪਹਿਚਾਣ ਦੇ ਸਬੂਤ ਵੱਜੋਂ 11 ਹੋਰ ਦਸਤਾਵੇਜ਼ਾਂ ਨੂੰ ਵਰਤਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਵੋਟਰ ਇਨ੍ਹਾਂ 'ਚੋਂ ਕਿਸੇ ਇਕ ਦਸਤਾਵੇਜ਼ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਗਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਮਾਰਟ ਕਾਰਡ, ਸਿਹਤ ਬੀਮਾ ਕਾਰਡ, ਫੋਟੋ ਸਹਿਤ ਪੈਨਸ਼ਨ ਦਸਤਾਵੇਜ਼ ਆਦਿ ਦਿਖਾ ਕੇ ਵੀ ਵੋਟ ਪਾ ਸਕਦੇ ਹਨ।


Shyna

Content Editor

Related News