ਉਮੀਦਵਾਰਾਂ ਦੀਆਂ ਚੋਣ ਸਰਗਰਮੀਆਂ ਤੇਜ਼ ਪਰ ਵੋਟਰਾਂ ਵਿਚ ਛਾਇਆ ਖਾਮੋਸ਼ੀ ਦਾ ਆਲਮ

05/18/2024 5:59:51 PM

ਖਰੜ (ਸ਼ਸ਼ੀ ਪਾਲ ਜੈਨ) : ਇੱਕ ਪਾਸੇ ਵੋਟਾਂ ਪੈਣ ਦਾ ਦਿਨ ਨਜ਼ਦੀਕ ਆ ਰਿਹਾ ਹੈ ਅਤੇ ਵੱਖ-ਵੱਖ ਉਮੀਦਵਾਰਾਂ ਵਲੋਂ ਆਪਣੇ ਪੱਧਰ 'ਤੇ ਚੋਣ ਸਰਗਰਮੀਆ ਤੇਜ਼ ਕਰ ਦਿੱਤੀਆਂ ਗਈਆਂ ਹਨ ਪਰ ਦੂਸਰੇ ਪਾਸੇ ਇਹ ਵੇਖਣ ਵਿਚ ਆ ਰਿਹਾ ਹੈ ਕਿ ਵੋਟਰਾਂ ਵਿਚ ਚੋਣਾਂ ਪ੍ਰਤੀ ਖਾਮੋਸ਼ੀ ਦਾ ਆਲਮ ਹੈ ਅਤੇ ਬਹੁਤ ਘੱਟ ਦਿਲਚਸਪੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਖਰੜ ਹਲਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹੈ ਅਤੇ ਇਥੇ ਸਾਰੀਆਂ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਚੋਣ ਸਰਗਰਮੀਆ ਤੇਜ਼ ਕੀਤੀਆਂ ਜਾ ਰਹੀਆਂ ਹਨ। ਵੇਖਣ ਵਿਚ ਆਇਆ ਹੈ ਕਿ ਆਮ ਲੋਕਾਂ ਵਿਚ ਚੋਣਾਂ ਪ੍ਰਤੀ ਕੋਈ ਖਾਸ ਦਿਲਚਸਪੀ ਨਹੀਂ ਹੈ ਅਤੇ ਖਾਮੋਸ਼ੀ ਅਤੇ ਉਦਾਸੀ ਦਾ ਆਲਮ ਹੈ। 

ਇਕ ਗੱਲ ਹੋਰ ਵੇਖਣ ਵਿਚ ਆਈ ਹੈ ਕਿ ਲੋਕ ਇਸ ਗੱਲ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰ ਰਹੇ ਜਿਸ ਤਰੀਕੇ ਨਾਲ ਸਿਆਸੀ ਆਗੂ ਧੜਾਧੜ ਇਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿਚ ਜਾ ਰਹੇ ਹਨ। ਬਾਜ਼ਾਰਾਂ ਵਿਚ ਲੱਗਦਾ ਹੀ ਨਹੀਂ ਕਿ ਚੋਣਾਂ ਦਾ ਮਾਹੌਲ ਹੈ। ਵੇਖਣ ਵਿਚ ਆਇਆ ਹੈ ਕਿ ਵੋਟਰ ਇਸ ਵਾਰ ਭੰਬਲਭੂਸੇ ਵਿਚ ਪਿਆ ਹੋਇਆ ਹੈ ਅਤੇ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਨੂੰ ਠੀਕ ਕਹੇ ਜਾਂ ਗਲਤ। ਖਰੜ ਹਲਕੇ ਵਿਚ ਸੂਤਰਾਂ ਅਨੁਸਾਰ 2 ਲੱਖ 80 ਹਜ਼ਾਰ 593 ਕੁੱਲ ਵੋਟਰ ਹਨ ਜਿਨ੍ਹਾਂ ਵਿਚੋਂ ਖਰੜ ਨਗਰ ਕੌਸਲ ਦੇ ਹੀ 1 ਲੱਖ 10 ਹਜ਼ਾਰ ਤੋਂ ਵੱਧ ਵੋਟਰ ਹਨ। ਜਿਸ ਤਰੀਕੇ ਨਾਲ ਲੋਕਾਂ ਵਿਚ ਖਾਮੋਸ਼ੀ ਹੈ ਅਤੇ ਦਿਲਚਸਪੀ ਦੀ ਘਾਟ ਹੈ। ਲੱਗਦਾ ਹੈ ਕਿ ਇਸ ਵਾਰ ਪੋਲਿੰਗ ਦੀ ਫੀਸਦੀ ਵੀ ਘੱਟ ਸਕਦੀ ਹੈ।


Gurminder Singh

Content Editor

Related News