ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜੇਗਾ ਤਾਮਿਲਨਾਡੂ ਦਾ ਇਹ ਸਿੱਖ, ਕੀਤਾ ਐਲਾਨ

Monday, May 06, 2024 - 04:38 PM (IST)

ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜੇਗਾ ਤਾਮਿਲਨਾਡੂ ਦਾ ਇਹ ਸਿੱਖ, ਕੀਤਾ ਐਲਾਨ

ਜਲੰਧਰ- ਬਹੁਜਨ ਦ੍ਰਵਿੜ ਪਾਰਟੀ (ਬੀ. ਡੀ. ਪੀ) ਦੇ ਮੁਖੀ ਤਾਮਿਲ ਮੂਲ ਦੇ ਸਿੱਖ ਜੀਵਨ ਸਿੰਘ ਮੱਲਾ ਨੇ ਹੁਸ਼ਿਆਰਪੁਰ ਰਾਖਵੇਂ ਹਲਕੇ ਤੋਂ ਲੋਕ ਸ਼ਬਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹੁਸ਼ਿਆਰਪੁਰ 'ਚ ਮੁੱਖ ਤੌਰ 'ਤੇ ਸਿੱਖ ਕਾਰਕੁਨਾਂ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨੀਆਂ ਵੀ ਸ਼ੁਰੂ ਕਰ ਦਿਤੀਆਂ ਹਨ ਅਤੇ ਕਿਹਾ ਹੈ ਕਿ ਉਹ ਦਲਿਤ ਕਾਰਕੁਨਾਂ ਦਾ ਸਮਰਥਨ ਹਾਸਲ ਕਰ ਰਹੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਤਾਮਿਲਨਾਡੂ ਵਿਚ 7 ​​ਤਾਮਿਲ ਮੂਲ ਦੇ ਸਿੱਖ ਚੋਣ ਮੈਦਾਨ ਵਿਚ ਹਨ ਜੋਕਿ ਸਾਰੇ ਉਮੀਦਵਾਰ ਬੀ. ਡੀ. ਪੀ. ਪਾਰਟੀ ਵੱਲੋਂ ਚੋਣ ਲੜਨਗੇ।

ਜੀਵਨ ਸਿੰਘ ਜਿਨ੍ਹਾਂ ਨੂੰ ਪਹਿਲਾਂ ਜੀਵਨ ਕੁਮਾਰ ਮੱਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉਹ ਇਕ ਅਨੁਸੂਚਿਤ ਭਾਈਚਾਰੇ ਨਾਲ ਸੰਬੰਧਤ ਹਨ। ਉਨ੍ਹਾਂ ਜਨਵਰੀ 2023 ਵਿਚ ਸਿੱਖ ਧਰਮ ਅਪਣਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ 1996 ਵਿਚ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪੇਰੀਆਰ ਅਤੇ ਕਾਂਸ਼ੀ ਰਾਮ ਬੀ. ਡੀ. ਪੀ. ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਮੇਰਾ ਮੁਕਾਬਲਾ ਤੁਰੰਤ ਚੋਣ ਨਤੀਜਿਆਂ ਤੋਂ ਪਰੇ ਹੈ ਅਤੇ ਇਸ ਦਾ ਮਜ਼ਬੂਤ ​​​​ਰਾਜਨੀਤਿਕ ਅਤੇ ਸੱਭਿਆਚਾਰਕ ਸੰਦੇਸ਼ ਹੈ ਕਿਉਂਕਿ ਅਸੀਂ ਗੁਰੂ ਨਾਨਕ ਦੇ ਵਿਚਾਰਾਂ ਨੂੰ ਫੈਲਾਉਣ ਲਈ ਬਹੁਤ ਉਤਸ਼ਾਹਤ ਹਾਂ।

ਇਹ ਵੀ ਪੜ੍ਹੋ- ਹੁਣ ਜਲੰਧਰ 'ਚ ਗ੍ਰੇ ਰੰਗ ਦੀ ਵਰਦੀ ’ਚ ਦਿੱਸਣ ਲੱਗੇ ਆਟੋ ਚਾਲਕ, ਨਾ ਪਹਿਨਣ 'ਤੇ ਹੋਵੇਗਾ ਇਹ ਸਖ਼ਤ ਐਕਸ਼ਨ

ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਨੇ ਅਪਣਾ ਸੰਦੇਸ਼ ਦੱਖਣ ਵਿਚ ਵੱਖ-ਵੱਖ ਥਾਵਾਂ 'ਤੇ ਪਹੁੰਚਾਇਆ, ਸਮਾਨਤਾਵਾਦ ਉਸ ਦੇ ਬੁਨਿਆਦੀ ਸਿਧਾਂਤਾਂ ਵਿਚੋਂ ਇਕ ਸੀ। ਅਸੀਂ ਵੀ ਇਸ ਨੂੰ ਫੈਲਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਤਾਮਿਲਨਾਡੂ ਦੀਆਂ 7 ਸੀਟਾਂ ਉਤੇ ਪਹਿਲਾਂ ਹੀ ਵੋਟਿੰਗ ਹੋ ਚੁੱਕੀ ਹੈ, ਜਿੱਥੇ ਪਾਰਟੀ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਹੁਣ ਇਹ ਸਾਰੇ ਪੰਜਾਬ ਵਿਚ ਪ੍ਰਚਾਰ ਕਰਨਗੇ। ਤਾਮਿਲਨਾਡੂ ਵਿਚ ਮੈਦਾਨ ਵਿਚ ਉਤਾਰੇ ਗਏ ਸਾਰੇ 7 ਉਮੀਦਵਾਰ ਐੱਸ. ਸੀ, ਐੱਸ. ਟੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਿਛੋਕੜ ਵਾਲੇ ਹਨ ਅਤੇ ਇਨ੍ਹਾਂ ਵਿਚੋਂ ਚਾਰ ਅੰਮ੍ਰਿਤਧਾਰੀ (ਬਪਤਿਸਮਾ) ਸਿੱਖ ਹਨ ਜਦਕਿ ਬਾਕੀਆਂ ਨੇ ਵੀ ਸਿੱਖੀ ਸਰੂਪ ਧਾਰਨ ਕਰਨਾ ਸ਼ੁਰੂ ਕਰ ਦਿਤਾ ਹੈ। ਇਹ ਸਾਰੇ 7 ਤਾਮਿਲਨਾਡੂ ਦੇ ਲਗਭਗ 200 ਲੋਕਾਂ ਦੇ ਸਮੂਹ ਦਾ ਹਿੱਸਾ ਸਨ, ਜੋ 2021 ਵਿਚ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਸਨ। ਬਾਅਦ ਵਿਚ 20 ਲੋਕਾਂ ਦੇ ਇਕ ਸਮੂਹ ਨੇ ਸਿੱਖ ਧਰਮ ਆਪਣਾ ਲਿਆ।

ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ

ਬੀ. ਡੀ. ਪੀ. ਦੇ ਸੂਬਾ ਪ੍ਰਧਾਨ ਤੀਰਥ ਸਿੰਘ 1981 ਵਿਚ ਕਾਂਸ਼ੀ ਰਾਮ ਦੇ ਅੰਦੋਲਨ ਦਾ ਹਿੱਸਾ ਸਨ ਅਤੇ 2003 ਤਕ ਬਸਪਾ ਵਿਚ ਸਨ, ਵੱਖ-ਵੱਖ ਗਰੁੱਪਾਂ ਅਤੇ ਕਾਰਕੁਨਾਂ ਨਾਲ ਤਾਲਮੇਲ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜੀਵਨ ਸਿੰਘ ਨੇ ਦੱਸਿਆ, " ਮੈਂ ਸਭ ਤੋਂ ਪਹਿਲਾਂ ਓਸ਼ੋ ਦੇ ਪ੍ਰਵਚਨਾਂ ਤੋਂ ਸਿੱਖ ਗੁਰੂਆਂ ਬਾਰੇ ਜਾਣਿਆ ਅਤੇ ਉਨ੍ਹਾਂ ਰਾਹੀਂ ਭਗਤ ਕਬੀਰ ਦਾ ਅਧਿਐਨ ਵੀ ਕੀਤਾ। ਮੈਂ 2014 ਤੋਂ ਸਿੱਖ ਧਰਮ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਗੁਰੂਆਂ ਅਤੇ ਭਗਤਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਇਕੱਠੀਆਂ ਦਰਜ ਕੀਤੀਆਂ ਗਈਆਂ ਹਨ। ਮੈਨੂੰ ਗੁਰੂ ਗੋਬਿੰਦ ਸਿੰਘ ਬਾਰੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਮਰਹੂਮ ਕਾਂਸ਼ੀ ਰਾਮ ਤੋਂ 1998 ਵਿਚ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਉਹ ਤਾਮਿਲਨਾਡੂ ਦੇ ਦੇਵੇਂਦਰ ਕੁਲਾ ਵੇਲਾਲਰ ਭਾਈਚਾਰੇ ਨਾਲ ਸੰਬੰਧਤ ਹਨ। ਉਹ ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਹਨ, 60% ਲੋਕ ਬੇਜ਼ਮੀਨੇ ਖੇਤੀਬਾੜੀ ਕੁਲੀ ਹਨ"। ਜੀਵਨ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿਖੇ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ- ਗੁਰਦੁਆਰਾ ਪਤਾਲਪੁਰੀ 'ਚ ਅਸਥੀਆਂ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News