ਜਾਨ ਜ਼ੋਖਮ ''ਚ ਪਾ ਕੇ ਲੋਕਾਂ ਦੀ ਸੇਵਾ ''ਚ ਲੱਗੇ ਪੇਂਡੂ ਡਾਕ ਕਾਮੇ

05/07/2020 6:04:58 PM

ਸ਼ੇਰਪੁਰ,(ਸਿੰਗਲਾ)- ਦੁਨੀਆਂ 'ਚ ਕੋਰੋਨਾ ਮਹਾਮਾਰੀ ਕਾਰਨ ਹੜਕੰਪ ਮਚਿਆ ਹੋਇਆ ਹੈ। ਇਸ ਮਹਾਮਾਰੀ ਦੌਰਾਨ ਲੱਖਾਂ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਰਚ ਤੋਂ ਲਗਾਤਾਰ ਹੁਣ ਤੱਕ ਲਾਕਡਾਊਨ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਵੀ ਲਾਕ ਡਾਊਨ ਦੌਰਾਨ ਕਰਫਿਊ 'ਚ ਵਾਧਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨ ਹੋਲਡਰਾਂ ਨੂੰ ਨਾਲ ਲੱਗਦੇ ਸ਼ਹਿਰਾਂ ਵਿੱਚ ਜਾ ਕੇ ਪੈਨਸ਼ਨਾਂ ਲੈਣੀਆਂ ਪੈਂਦੀਆਂ ਸਨ ਪਰ ਡਾਕ ਵਿਭਾਗ ਵੱਲੋਂ ਜਾਰੀ ਆਧਾਰ ਏ. ਟੀ. ਐੱਮ. ਨਾਲ ਬੁਢਾਪਾ, ਵਿਧਵਾ, ਅੰਗਹੀਣ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ। ਡਾਕਘਰ ਦੇ ਇਨ੍ਹਾਂ ਪੇਂਡੂ ਡਾਕ ਕਾਮਿਆਂ ਦੇ ਬ੍ਰਾਂਚ ਪੋਸਟ ਮਾਸਟਰ ਅਮਨਦੀਪ ਸਿੰਘ ਰਾਜੋਮਾਜਰਾ, ਪਰਮਜੀਤ ਸਿੰਘ ਬ੍ਰਾਂਚ ਪੋਸਟ ਰੰਗੀਆਂ, ਬ੍ਰਾਂਚ ਪੋਸਟ ਮਾਸਟਰ ਜਸਵੀਰ ਸਿੰਘ ਈਨਾ ਬਾਜਵਾ, ਬ੍ਰਾਂਚ ਪੋਸਟ ਮਾਸਟਰ ਗੁਰਪ੍ਰੀਤ ਕੌਰ ਚਾਂਗਲੀ, ਬ੍ਰਾਂਚ ਪੋਸਟ ਮਾਸਟਰ ਸਤਪਾਲ ਬੜੀ ਸਾਡਾ ਘਰ ਵੱਲੋਂ ਚਲਾਈ ਜਾ ਰਹੀ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕਸਬਾ ਸ਼ੇਰਪੁਰ ਦੇ ਆਲੇ-ਦੁਆਲੇ ਦੇ ਪਿੰਡਾਂ ਮੁਲੋਵਾਲ, ਰੰਗੀਆਂ, ਸੇਖਾ, ਜਲੂਰ, ਅਲਾਲ, ਖੇੜੀ ਕਲਾਂ, ਗੁਰਮਾਂ, ਹਮੀਦੀ, ਠੁੱਲੀਵਾਲ, ਰਾਮਨਗਰ ਛੰਨਾ, ਕਾਤਰੋਂ, ਚਾਂਗਲੀ, ਘਨੌਰੀ ਕਲਾਂ ਆਦਿ ਪਿੰਡਾਂ 'ਚ ਪੇਂਡੂ ਡਾਕ ਸੇਵਕਾਂ ਨੇ ਘਰ-ਘਰ ਜਾ ਕੇ ਖਪਤਕਾਰਾਂ ਨੂੰ ਪੈਨਸ਼ਨਾਂ ਦਿੱਤੀਆਂ ਹਨ।

ਡਾਕ ਵਿਭਾਗ ਦਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਤੇ ਖਪਤਕਾਰ ਵੀ ਇਸ ਤੋਂ ਖੁਸ਼ ਹਨ। ਖਪਤਕਾਰਾਂ ਨੂੰ ਪਹਿਲਾਂ ਧੂਰੀ, ਸ਼ੇਰਪੁਰ, ਬਰਨਾਲੇ, ਮਲੇਰਕੋਟਲੇ ਵੱਡੇ ਸ਼ਹਿਰਾਂ ਵਿੱਚ ਪੈਨਸ਼ਨਾਂ ਲੈਣ ਜਾਣਾ ਪੈਂਦਾ ਸੀ। ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਡਾਕ ਵਿਭਾਗ ਵੱਲੋਂ ਚਲਾਈ ਆਧਾਰ ਏ. ਟੀ. ਐੱਮ. ਯੋਜਨਾ ਤਹਿਤ ਘਰਾਂ 'ਚ ਪਹੁੰਚਕੇ ਹੀ ਪੈਸੇ ਦਿਤੇ ਜਾਂਦੇ ਹਨ। ਆਲੇ-ਦੁਆਲੇ ਦੇ ਪਿੰਡਾਂ ਦੇ ਇਨ੍ਹਾਂ ਡਾਕ ਕਾਮਿਆਂ ਦਾ ਕਹਿਣਾ ਹੈ ਕਿ ਸਾਡੇ ਵਲੋਂ ਕਿਸੇ ਵੀ ਖਪਤਕਾਰ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ। ਉਹ ਸਾਡੇ ਕੋਲ ਆਪਣਾ ਆਧਾਰ ਕਾਰਡ ਲਿਆ ਕੇ ਕਿਸੇ ਵੀ ਬੈਂਕ ਵਿੱਚ ਪਏ ਉਨ੍ਹਾਂ ਦੇ ਪੈਸੇ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹਨ। ਇਸ ਭਿਆਨਕ ਮਹਾਂਮਾਰੀ ਦੌਰਾਨ ਪਿੰਡਾਂ ਦੇ ਡਾਕਖਾਨਿਆਂ 'ਚ ਕੰਮ ਕਰਦੇ ਹਜ਼ਾਰਾਂ ਹੀ ਪੇਂਡੂ ਬ੍ਰਾਂਚ ਪੋਸਟ ਮਾਸਟਰ ਅਤੇ ਪੇਂਡੂ ਡਾਕ ਕਾਮੇ ਇਸ ਔਖੀ ਘੜੀ ਵਿੱਚ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਕੋਰੋਨਾ ਜਿਹੀ ਇਸ ਮਹਾਂਮਾਰੀ ਦੌਰਾਨ ਪਿੰਡਾਂ ਵਿੱਚ ਕੰਮ ਕਰਦੇ ਇਹ ਪੇਂਡੂ ਡਾਕ ਕਾਮੇ ਹਰ ਰੋਜ਼ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਉਨ੍ਹਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ, ਜੋ ਕਿ  ਇੱਕ ਸ਼ਲਾਘਾਯੋਗ ਕਦਮ ਹੈ।
 


Deepak Kumar

Content Editor

Related News