7 ਥਾਵਾਂ ਤੋਂ ਲਾਰਵਾ ਮਿਲਣ ''ਤੇ ਵਧਿਆ ਡੇਂਗੂ ਦਾ ਖਤਰਾ, ਵਿਭਾਗ ਚੌਕਸ

07/19/2018 7:47:13 AM

ਭਵਾਨੀਗੜ੍ਹ (ਵਿਕਾਸ)—ਸ਼ਹਿਰ 'ਚੋਂ ਸਿਹਤ ਵਿਭਾਗ ਨੂੰ ਲਗਾਤਾਰ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਜਿਸ ਤੋਂ ਬਾਅਦ ਸ਼ਹਿਰ 'ਚ ਡੇਂਗੂ ਦਾ ਖਤਰਾ ਵਧ ਗਿਆ ਹੈ। ਬੁੱਧਵਾਰ ਨੂੰ ਵੀ ਅਨਾਜ ਮੰਡੀ ਨੇੜੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਨੂੰ ਇਕ ਖਾਲੀ ਪਲਾਟ 'ਚ ਪਏ ਪੁਰਾਣੇ ਟਾਇਰਾਂ 'ਚ ਖੜ੍ਹੇ ਪਾਣੀ 'ਚੋਂ ਵੱਡੇ ਪੱਧਰ 'ਤੇ ਡੇਂਗੂ ਦਾ ਲਾਰਵਾ ਮਿਲਣ 'ਤੇ ਟੀਮ ਨੇ ਕਾਰਵਾਈ ਦੇ ਤਹਿਤ ਸਬੰਧਿਤ ਟਾਇਰਾਂ ਦੇ ਮਾਲਕ ਨੂੰ ਮੌਕੇ 'ਤੇ ਬੁਲਾ ਕੇ ਚਲਾਣ ਕੱਟਿਆ ਅਤੇ ਟਾਇਰਾਂ 'ਚ ਇਕੱਠੇ ਹੋਏ ਪਾਣੀ ਨੂੰ ਸਾਫ ਕਰਨ ਦੀ ਹਦਾਇਤ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਡੇਂਗੂ ਅਤੇ ਹੋਰ ਮੌਸਮੀ ਬੀਮਾਰੀਆਂ ਦੇ ਫੈਲਣ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਸ਼ਹਿਰ 'ਚ ਮੁਹਿੰਮ ਛੇੜ ਦਿੱਤੀ ਹੈ। ਮੁਹਿੰਮ ਦੌਰਾਨ ਹੁਣ ਤੱਕ ਟੀਮਾਂ ਨੂੰ ਸ਼ਹਿਰ ਦੀਆਂ 7 ਵੱਖ-ਵੱਖ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲ ਚੁੱਕਿਆ ਹੈ, ਜਿਸ ਨੂੰ ਲੈ ਕੇ ਨਗਰ ਕੌਂਸਲ ਵਲੋਂ ਚਲਾਣ ਕੱਟਣ ਦੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਤਾਇਨਾਤ ਹੈਲਥ ਇੰਸਪੈਕਟਰ ਕਾਕਾ ਰਾਮ ਅਤੇ ਨਗਰ ਕੌਂਸਲ ਦੇ ਸੇਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਅੱਜ ਚੈਕਿੰਗ ਕੀਤੀ ਗਈ, ਜਿਸ ਦੌਰਾਨ ਟੀਮ ਨੂੰ ਇੱਥੇ ਪਏ ਟਾਇਰਾਂ 'ਚੋਂ ਬਹੁਤ ਵੱਡੇ ਪੱਥਰ 'ਤੇ ਡੇਂਗੂ ਦਾ ਲਾਰਵਾ ਮਿਲਿਆ ਅਤੇ ਚਲਾਣ ਕੀਤਾ ਗਿਆ। ਨਗਰ ਕੌਂਸਲ ਦੇ ਐੱਸ.ਆਈ.ਰਾਜੇਸ਼ ਕੁਮਾਰ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਮਿਲਣ 'ਤੇ ਨਿਯਮ ਅਨੁਸਾਰ ਨਗਰ ਕੌਂਸਲ 500 ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਚਲਾਣ ਦੇ ਰੂਪ 'ਚ ਜ਼ੁਰਮਾਨਾ ਵਸੂਲ ਸਕਦਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਸ-ਪਾਸ ਥਾਵਾਂ 'ਤੇ ਪਾਣੀ ਨਾ ਇਕੱਠਾ ਹੋਣ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਡੇਂਗੂ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ।


Related News