ਜ਼ਮੀਨੀ ਵਿਵਾਦ : ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹਿਆ ਵਿਅਕਤੀ

Wednesday, Jun 03, 2026 - 05:49 PM (IST)

ਜ਼ਮੀਨੀ ਵਿਵਾਦ : ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹਿਆ ਵਿਅਕਤੀ

ਦੋਦਾ (ਸ.ਹ.) : ਅੱਜ ਪਿੰਡ ਸੁਖਨਾ ਅਬਲੂ ਵਿਚ ਸਵੇਰੇ ਉਸ ਵੇਲੇ ਪੁਲਸ ਅਤੇ ਪਿੰਡ ਵਾਸੀਆਂ ਲਈ ਸਥਿਤੀ ਗੰਭੀਰ ਬਣ ਗਈ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਜਗਮੀਤ ਸਿੰਘ ਵਾਸੀ ਭੁੱਟੀਵਾਲਾ ਪਿੰਡ ਦੇ ਵਾਟਰ ਵਰਕਸ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਕੋਟਭਾਈ ਦੀਪਿਕਾ ਕੰਬੋਜ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਟੈਂਕੀ ’ਤੇ ਚੜ੍ਹੇ ਵਿਅਕਤੀ ਨੇ ਹੇਠਾਂ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਉਸ ਦੇ ਕੋਲ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਆਪਣੇ ਉੱਪਰ ਪੈਟਰੋਲ ਪਾ ਕੇ ਅੱਗ ਲਗਾ ਲਵੇਗਾ। ਇਸ ਦੇ ਬਾਵਜੂਦ ਐੱਸ.ਐੱਚ.ਓ. ਦੀਪਿਕਾ ਕੰਬੋਜ ਨੇ ਦਲੇਰੀ ਦਿਖਾਉਂਦੇ ਹੋਏ ਖੁਦ ਟੈਂਕੀ ’ਤੇ ਚੜ੍ਹ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਸਮੇਂ ਤੱਕ ਚੱਲੀ ਗੱਲਬਾਤ ਅਤੇ ਪੁਲਸ ਵੱਲੋਂ ਮਿਲੇ ਠੋਸ ਭਰੋਸੇ ਤੋਂ ਬਾਅਦ ਜਗਮੀਤ ਸਿੰਘ ਟੈਂਕੀ ਤੋਂ ਹੇਠਾਂ ਉਤਰ ਆਇਆ।

ਜਗਮੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਕੁਝ ਸਾਲ ਪਹਿਲਾਂ ਪਿੰਡ ਸੁਖਨਾ ਅਬਲੂ ਦੇ ਅਰਸ਼ਵਿੰਦਰ ਸਿੰਘ ਨਾਲ ਹੋਇਆ ਸੀ। ਲਗਭਗ ਡੇਢ ਸਾਲ ਬਾਅਦ ਅਰਸ਼ਵਿੰਦਰ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਵਿਰਾਸਤੀ ਜ਼ਮੀਨ ਵਿਚੋਂ ਤਿੰਨ ਏਕੜ ਜ਼ਮੀਨ ਉਸ ਦੀ ਧੀ ਸਰਬਜੀਤ ਕੌਰ ਦੇ ਨਾਂ ਅਤੇ ਤਿੰਨ ਏਕੜ ਉਸ ਦੀ ਸੱਸ ਦੇ ਨਾਮ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਕਈ ਵਾਰ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਉਸ ਦੀ ਧੀ ਨੂੰ ਜ਼ਮੀਨ ਅਤੇ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਉਸ ਦਾ ਕਹਿਣਾ ਸੀ ਕਿ ਇਨਸਾਫ਼ ਨਾ ਮਿਲਣ ਕਾਰਨ ਹੀ ਉਸ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ। ਇਸ ਸਬੰਧੀ ਜਤਿੰਦਰ ਸਿੰਘ ਡੀ.ਐੱਸ.ਪੀ. ਗਿਦੜਬਾਹਾ ਅਤੇ ਐੱਸ.ਐੱਚ.ਓ. ਕੋਟਭਾਈ ਦੀਪਿਕਾ ਕੰਬੋਜ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ ਅਤੇ ਹੁਣ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News