ਤਪਾ ''ਚ ਲੈਬ ਟੈਕਨੀਸ਼ੀਅਨਾਂ ਨੇ ਦੁਕਾਨਾਂ ਬੰਦ ਕਰਕੇ ਪ੍ਰਗਟਾਇਆ ਰੋਸ

06/23/2020 5:02:57 PM

ਤਪਾ ਮੰਡੀ (ਸ਼ਾਮ ਗਰਗ) - ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਜਿੱਥੇ ਇਲਾਕੇ ਦੇ ਸਮੂਹ ਪ੍ਰਾਈਵੇਟ ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਸੀ.ਈ.ਏ ਐਕਟ ਦਾ ਵਿਰੋਧ ਕੀਤਾ। ਉੱਥੇ ਸਮੂਹ ਲੈਬ ਟੈਕਨੀਸ਼ੀਅਨਾਂ ਨੇ  ਲੈਬੋਰਟਰੀਆਂ ਬੰਦ ਕਰਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। ਰੋਸ ਪ੍ਰਗਟ ਕਰਦਿਆਂ ਲੈਬ ਟੈਕਨੀਸ਼ੀਅਨਾਂ ਸੱਤਪਾਲ ਗੋਇਲ (ਕੇ.ਕੇ.ਲੈਬ), ਕੁਲਵਿੰਦਰ ਸਿੰਘ, ਅਮਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਦਾ ਇਸ ਐਕਟ ਨੂੰ ਪਾਸ ਕਰਨ ਦਾ ਇੱਕੋ ਇੱਕ ਜ਼ਰੀਆ ਮੋਟੇ-ਮੋਟੇ ਕਾਰਪੋਰੇਟਾਂ ਸੈਟਰਾਂ ਨੂੰ ਲਾਭ ਪਹੁੰਚਾਉਣਾ ਹੈ।

ਇਸ ਤਰ੍ਹਾਂ ਦੇ ਐਕਟ ਨਾਲ ਇਲਾਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਸਰਕਾਰ ਵੱਲੋਂ ਮਹਾਮਾਰੀ ਦੇ ਸਮੇਂ ਅਜਿਹੇ ਐਕਟ ਲਿਆਉਣ 'ਤੇ ਸਰਕਾਰ ਦੀ ਨੀਅਤ ਉਪਰ ਸ਼ੱਕ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਸਿਹਤ ਸਹੂਲਤਾਂ ਸਬੰਧੀ ਪਹਿਲਾਂ ਹੀ ਬਹੁਤ ਐਕਟ ਕੰਮ ਕਰ ਰਹੇ ਹਨ। ਅਜਿਹੇ ਵਿਚ ਇੱਕ ਨਵਾਂ ਐਕਟ ਲਿਆਉਣ ਦੀ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਐਕਟ ਦਾ ਕੋਈ ਵਿਰੋਧ ਨਹੀਂ ਹੈ ਸਗੋਂ ਇਸ ਐਕਟ ਦੀ ਰੂਲਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਪਾਸ ਹੋਣ ਤੇ ਇਲਾਜ ਕਰਵਾਉਣ ਦੀਆਂ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਚਲੀਆਂ ਜਾਣਗੀਆਂ ਅਤੇ ਭ੍ਰਿਸ਼ਟਾਚਾਰੀ ਵੱਧ ਜਾਵੇਗੀ। ਜਿਸ ਨਾਲ ਆਮ ਲੋਕਾਂ 'ਤੇ ਵੱਡਾ ਅਸਰ ਪਵੇਗਾ। ਇਸ ਕਾਰਨ ਐਕਟ ਦਾ ਵਿਰੋਧ ਕਰਦੇ ਹੋਏ ਤਪਾ ਸ਼ਹਿਰ ਦੇ ਸਮੁੱਚੇ ਲੈਬ ਟੈਕਨੀਸ਼ੀਅਨਾਂ ਨੇ ਆਪਣੀਆਂ ਲੈਬ ਬੰਦ ਕਰਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਐਕਟ ਨੂੰ ਤੁਰੰਤ ਵਾਪਸ ਲਵੇ।


Harinder Kaur

Content Editor

Related News