ਬੈਲੇਟ ਪੇਪਰ ਪਾਡ਼ ਦੇਣ ਕਾਰਨ ਸਰਪੰਚੀ  ਹਾਰਨ ਵਾਲੇ ਵਿਰੁੱਧ ਮਾਮਲਾ ਦਰਜ

Tuesday, Jan 01, 2019 - 12:41 AM (IST)

ਬੈਲੇਟ ਪੇਪਰ ਪਾਡ਼ ਦੇਣ ਕਾਰਨ ਸਰਪੰਚੀ  ਹਾਰਨ ਵਾਲੇ ਵਿਰੁੱਧ ਮਾਮਲਾ ਦਰਜ

 ਭਵਾਨੀਗਡ਼੍ਹ, (ਕਾਂਸਲ)- ਸਥਾਨਕ ਪੁਲਸ ਵੱਲੋਂ ਨੇਡ਼ਲੇ ਪਿੰਡ ਮਾਝਾ ਵਿਖੇ ਬੀਤੀ ਰਾਤ ਵੋਟਾਂ ਦੀ ਗਿਣਤੀ ਦੌਰਾਨ ਜੇਤੂ ਉਮੀਦਵਾਰ  ਅਤੇ ਡਿਊਟੀ ਸਟਾਫ ਨਾਲ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨ ਅਤੇ ਬੈਲੇਟ ਪੇਪਰ ਫਾਡ਼ ਦੇਣ ਅਤੇ ਲੈ ਕੇ ਭੱਜਣ ਵਾਲੇ ਇਕ ਸਰਪੰਚੀ ਦੀ ਚੋਣ ਹਾਰੇ ਉਮੀਦਵਾਰ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
  ਜਾਣਕਾਰੀ ਦਿੰਦਿਆਂ ਮਾਮਲੇ ਦੀ ਪਡ਼ਤਾਲ ਕਰ ਰਹੇ ਸਹਾਇਕ ਸਬ-ਇੰਸਪੈਕਟਰ ਵਲੈਤੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਮਾਝਾ ਵਿਖੇ ਡਿਊਟੀ ਉਪਰ ਤਾਇਨਾਤ ਪ੍ਰੋਜ਼ੈਡਿੰਗ ਅਫਸਰ ਨਿਖਿਲ ਰੰਜਨ ਮੰਡਲ ਵੱਲੋਂ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਮਾਝਾ ਵਿਖੇ ਪੋਲਿੰਗ ਦਾ ਕੰਮ ਖਤਮ ਹੋਣ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਦੇ ਦੋਵੇ ਉਮੀਦਵਾਰਾਂ ਵਿਚੋਂ ਹਰਪ੍ਰੀਤ ਸਿੰਘ ਨੂੰ 348 ਵੋਟਾਂ ਪੋਲ ਹੋਈਆਂ ਅਤੇ ਦੂਜੇ ਉਮੀਦਵਾਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਮਾਝਾ ਨੂੰ 340 ਵੋਟਾਂ ਪੋਲ ਹੋਈਆਂ ਸਨ। ਇਸ ਤਰ੍ਹਾਂ ਸਰਪੰਚੀ ਦਾ ਉਮੀਦਵਾਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਮਾਝਾ ਆਪਣੇ ਵਿਰੋਧੀ ਅਾਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਤੋਂ 8 ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਕੁਲਵਿੰਦਰ ਸਿੰਘ ਦੇ ਕਹਿਣ ’ਤੇ ਤਿੰਨ ਵਾਰ ਵੋਟਾਂ ਦੀ ਗਿਣਤੀ ਕਰਵਾਈ ਤਾਂ ਕੁਲਵਿੰਦਰ ਸਿੰਘ ਮਾਝਾ ਨੇ ਕਥਿਤ ਤੌਰ ’ਤੇ ਤੈਸ਼ ’ਚ ਆ ਕੇ ਇਥੋਂ 25-25 ਦੇ ਦੋ ਬੰਡਲ ਬੈਲੇਟ ਪੇਪਰ ਦੇ ਚੁੱਕ ਲਏ ਅਤੇ ਇਨ੍ਹਾਂ ਵਿਚੋਂ ਕੁਝ ਬੈਲੇਟ ਪੇਪਰ ਉਸ ਨੇ ਫਾਡ਼ ਦਿੱਤੇ ਅਤੇ ਫਿਰ ਚੋਣ ਵਿਚ ਜੇਤੂ ਰਹੇ ਹਰਪ੍ਰੀਤ ਸਿੰਘ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਮਾਝਾ ਕਥਿਤ ਤੌਰ ’ਤੇ ਬਾਕੀ ਬੈਲੇਟ ਪੇਪਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਪ੍ਰੋਜ਼ੈਡਿੰਗ ਅਫਸਰ ਨਿਖਿਲ ਮੰਡਲ ਦੇ ਬਿਆਨਾਂ ਦੇ ਅਾਧਾਰ ’ਤੇ ਸਰਕਾਰੀ ਕੰਮ ’ਚ ਵਿਘਨ ਪਾਉਣ, ਧੱਕਾ-ਮੁੱਕੀ ਕਰਨ ਅਤੇ ਬੈਲੇਟ ਪੇਪਰ ਪਾਡ਼ਨ ਅਤੇ ਲੈ ਕੇ ਫਰਾਰ ਹੋਣ ਦੇ ਦੋਸ਼ ਹੇਠ ਕੁਲਵਿੰਦਰ ਸਿੰਘ ਮਾਝਾ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News