ਵਣ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ ਠੱਗੇ

08/15/2019 1:55:40 AM

ਮੋਗਾ, (ਆਜ਼ਾਦ)- ਪਿੰਡ ਚੱਕ ਕਿਸਾਨਾ ਨਿਵਾਸੀ ਗੁਰਸ਼ਰਨ ਸਿੰਘ ਨੇ ਆਪਣੇ ਕੁੱਝ ਰਿਸ਼ਤੇਦਾਰਾਂ ’ਤੇ ਉਸ ਨੂੰ ਵਣ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਧਰਮਕੋਟ ਪੁਲਸ ਵੱਲੋਂ ਗੁਰੂ ਅਵਤਾਰ ਸਿੰਘ ਅਤੇ ਉਸ ਦੀ ਮਾਤਾ ਕਸ਼ਮੀਰ ਕੌਰ ਦੋਨੋਂ ਨਿਵਾਸੀ ਖੇਮਕਰਨ (ਤਰਨਤਾਰਨ) ਅਤੇ ਲਖਵਿੰਦਰ ਸਿੰਘ ਉਰਫ ਬਲਵਿੰਦਰ ਸਿੰਘ ਨਿਵਾਸੀ ਪਿੰਡ ਝੁੱਗੀਆਂ ਨਾਥਾਂ (ਤਰਨਤਾਰਨ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਗੁਰਸ਼ਰਨ ਸਿੰਘ ਪੁੱਤਰ ਦਰਬਾਰਾ ਸਿੰਘ ਨੇ ਕਿਹਾ ਕਿ ਕਰੀਬ ਸਾਢੇ 3 ਸਾਲ ਪਹਿਲਾਂ ਸਾਡੀ ਰਿਸ਼ਤੇਦਾਰ ਗੁਰੂਅਵਤਾਰ ਸਿੰਘ ਨਾਲ ਮੁਲਾਕਾਤ ਹੋਈ। ਉਸ ਸਮੇਂ ਮੈਂ 12ਵੀਂ ਪਾਸ ਕੀਤੀ ਹੋਈ ਸੀ। ਉਸ ਨੇ ਮੈਨੂੰ ਕਿਹਾ ਕਿ ਉਹ ਵਣ ਵਿਭਾਗ ਵਿਚ ਨੌਕਰੀ ਕਰਦਾ ਹੈ। ਉਹ ਉਸ ਨੂੰ ਵੀ ਵਣ ਵਿਭਾਗ ਵਿਚ ਨੌਕਰੀ ’ਤੇ ਲਵਾ ਦੇਵੇਗਾ। ਮੈਨੂੰ ਵਣ ਵਿਭਾਗ ਦੇ ਕਈ ਉੱਚ ਅਧਿਕਾਰੀ ਜਾਣਦੇ ਹਨ, ਜਿਸ ’ਤੇ ਅਸੀਂ ਉਸ ’ਤੇ ਭਰੋਸਾ ਕਰ ਕੇ 50 ਹਜ਼ਾਰ ਰੁਪਏ ਪਹਿਲਾਂ ਦੇਣ ਦੇ ਇਲਾਵਾ ਸਾਰੇ ਦਸਤਾਵੇਜ਼ ਵੀ ਉਸ ਨੂੰ ਦੇ ਦਿੱਤੇ। ਉਸ ਨੇ 40 ਦਿਨਾਂ ਦੇ ਅੰਦਰ-ਅੰਦਰ ਮੈਨੂੰ ਨੌਕਰੀ ’ਤੇ ਲਵਾਉਣ ਲਈ ਕਿਹਾ। ਇਸ ਦੇ ਬਾਅਦ ਉਸ ਨੇ 2-3 ਵਾਰ ਸਾਡੇ ਤੋਂ ਪੈਸੇ ਲਏ। ਇਸ ਤਰ੍ਹਾਂ ਕੁੱਲ 7 ਲੱਖ ਰੁਪਏ ਦੇ ਕਰੀਬ ਉਸ ਨੇ ਸਾਡੇ ਤੋਂ ਪੈਸੇ ਲੈ ਲਏ। ਕੁਝ ਦਿਨਾਂ ਬਾਅਦ ਉਹ ਟਾਲ-ਮਟੋਲ ਕਰਨ ਲੱਗਾ ਅਤੇ ਇਸ ਤਰ੍ਹਾਂ ਉਸ ਨੇ ਨਾ ਤਾਂ ਸਾਨੂੰ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੈਨੂੰ ਨੌਕਰੀ ’ਤੇ ਲਵਾਇਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਡੀ.ਐੱਸ.ਪੀ. (ਆਈ) ਨੂੰ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਨੇ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਥਾਣਾ ਧਰਮਕੋਟ ਵਿਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News