ਦੋ ਮੋਟਰਸਾਈਕਲਾਂ ਵਿਚਕਾਰ ਟੱਕਰ, ਪਤੀ-ਪਤਨੀ ਦੀ ਮੌਤ, ਇਕ ਜ਼ਖਮੀ

10/19/2020 11:21:23 PM

ਮੋਗਾ, (ਆਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਪਿੰਡ ਚੂਹੜਚੱਕ ਕੋਲ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਜਬਰਦਸਤ ਟੱਕਰ ਵਿਚ ਪਤੀ ਪਤਨੀ ਦੀ ਮੌਤ ਹੋਣ ਦੇ ਇਲਾਵਾ ਇਕ ਲੜਕਾ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਜੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ (23) ਨਿਵਾਸੀ ਪਿੰਡ ਕਾਉਂਕੇ ਕਲਾਂ ਜੋ ਭੱਠੇ ’ਤੇ ਆਪਣੀ ਪਤਨੀ ਸੰਦੀਪ ਕੌਰ ਕੋਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਉਹ ਆਪਣੇ ਮੋਟਰਸਾਈਕਲ ’ਤੇ ਪਤਨੀ ਨੂੰ ਨਾਲ ਲੈ ਕਿ ਅਜੀਤਵਾਲ ਵਿਚ ਸਾਮਾਨ ਲੈਣ ਲਈ ਆਇਆ ਸੀ ਜਦ ਉਹ ਚੂਹੜਚੱਕ ਕੋਲ ਪੁੱਜੇ ਤਾਂ ਦੂਸਰੇ ਮੋਟਰਸਾਈਕਲ ’ਤੇ ਸਵਾਰ ਜਗਤਾਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ।

ਇਸ ਹਾਦਸੇ ਵਿਚ ਸੁਰਜੀਤ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਸੰਦੀਪ ਕੌਰ ਨੇ ਜਗਰਾਓਂ ਹਸਪਤਾਲ ਵਿਚ ਦਮ ਤੋੜ ਦਿੱਤਾ, ਜਦਕਿ ਜਗਤਾਰ ਸਿੰਘ ਲੁਧਿਆਣਾ ਵਿਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਦੂਸਰੇ ਮੋਟਰਸਾਈਕਲ ਚਾਲਕ ਜਗਤਾਰ ਸਿੰਘ ਖਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।


Bharat Thapa

Content Editor Bharat Thapa