ਘਰਾਂ ਅਤੇ ਘੱਗਰ ਕੰਢੇ ਧਰਤੀ ਹੇਠ ਬਣਾਏ ਬੰਕਰਾਂ ’ਚੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ
Monday, Jan 07, 2019 - 12:14 AM (IST)
ਪਟਿਆਲਾ/ਸਮਾਣਾ, (ਬਲਜਿੰਦਰ, ਦਰਦ, ਅਨੇਜਾ)- ਨਸ਼ਾ ਸਮੱਗਲਿੰਗ ਲਈ ਕਾਫੀ ਲੰਬਾ ਸਮਾਂ ਸੁਰਖੀਆਂ ਵਿਚ ਰਹਿਣ ਵਾਲੇ ਸਮਾਣਾ ਦੇ ਨਜ਼ਦੀਕੀ ਪਿੰਡ ਮਰੋਡ਼ੀ ਵਿਖੇ ਅੱਜ ਪਟਿਆਲਾ ਪੁਲਸ ਨੇ ਕਈ ਘੰਟੇ ਸਰਚ ਆਪਰੇਸ਼ਨ ਚਲਾਇਆ। ਇਸ ਵਿਚ 50 ਲਿਟਰ ਨਾਜਾਇਜ਼ ਸ਼ਰਾਬ ਅਤੇ 50 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਗਈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ 18 ਵਿਅਕਤੀਆਂ ਖਿਲਾਫ 6 ਐੈੱਫ. ਆਈ. ਆਰਜ਼. ਦਰਜ ਕੀਤੀਆਂ ਗਈਆਂ ਹਨ। ਇਹ ਪਿੰਡ ਥਾਣਾ ਸਦਰ ਸਮਾਣਾ ਅਧੀਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਮਰੋਡ਼ੀ ਵਿਖੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਅੱਜ ਸਵੇਰੇ ਪੁਲਸ ਫੋਰਸ ਵੱਲੋਂ ਛਾਪੇਮਾਰੀ ਕੀਤੀ ਗਈ।
ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਵਰ੍ਹਦੇ ਮੀਂਹ ਵਿਚ ਸਵੇਰ ਸਮੇਂ 50 ਪੁਲਸ ਜਵਾਨਾਂ ਵੱਲੋਂ ਸੀ. ਆਈ. ਏ. ਸਟਾਫ਼ ਸਮਾਣਾ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਐੈੱਸ. ਐੈੱਚ. ਓ. ਸਦਰ ਐੈੱਸ. ਆਈ. ਨਰਾਇਣ ਸਿੰਘ, ਐੈੱਸ. ਐੈੱਚ. ਓ. ਥਾਣਾ ਸਿਟੀ ਸਮਾਣਾ ਐੈੱਸ. ਆਈ. ਸੁਰਿੰਦਰ ਭੱਲਾ ਨੇ ਪਿੰਡ ਮਰੋਡ਼ੀ ਅਤੇ ਘੱਗਰ ਦੇ ਕੱਢਿਆ ’ਤੇ ਰੇਡ ਕੀਤੀ। ਪੁਲਸ ਨੂੰ ਗੁਪਤ ਤਰੀਕੇ ਨਾਲ ਘਰਾਂ ਅਤੇ ਘੱਗਰ ਦੇ ਕੰਢੇ ਧਰਤੀ ਹੇਠ ਬਣਾਏ ਬੰਕਰਾਂ ਵਿਚੋਂ 50 ਲਿਟਰ ਨਾਜਾਇਜ਼ ਸ਼ਰਾਬ ਅਤੇ 50 ਹਜ਼ਾਰ ਲਿਟਰ ਲਾਹਣ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਲਾਹਣ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਸ਼ਰਾਬ ਬਣਾਉਣ ਲਈ ਵਰਤੇ ਗਏ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਰੇਡ ਦੌਰਾਨ ਪੁਲਸ ਵੱਲੋਂ ਘਰ-ਘਰ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਈ ਵਿਅਕਤੀ ਨਾਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ ਦਾ ਸਾਰਾ ਸਾਮਾਨ ਛੱਡ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਜਿਹਡ਼ੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਕਥਿਤ ਦੋਸ਼ੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਐੈੱਸ. ਐੈੱਸ. ਪੀ. ਨੇ ਇਸ ਮੌਕੇ ਨਾਜਾਇਜ਼ ਕੰਮ ਕਰਨ ਵਾਲੇ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੈਰ-ਕਾਨੂੰਨੀ ਧੰਦੇ ਬੰਦ ਕਰਨ, ਨਹੀਂ ਤਾਂ ਪੁਲਸ ਦੀ ਸਖਤ ਕਾਰਵਾਈ ਲਈ ਤਿਆਰ ਰਹਿਣ।
ਹਰਿਆਣਾ ਅਤੇ ਘੱਗਰ ਦੇ ਕੰਢੇ ਦਾ ਸਮੱਗਲਰ ਲੈਂਦੇ ਹਨ ਵੱਡਾ ਲਾਭ
ਇਸ ਖੇਤਰ ਵਿਚ ਲੰਮੇ ਸਮੇਂ ਤੋਂ ਸ਼ਰਾਬ ਸਮੱਗਲਿੰਗ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ। ਇਹ ਪਿੰਡ ਘੱਗਰ ਦੇ ਬਿਲਕੁੱਲ ਕੰਢੇ ’ਤੇ ਪੈਂਦਾ ਹੈ। ਘੱਗਰ ਦੇ ਦੂਜੇ ਕੰਢੇ ’ਤੇ ਹਰਿਆਣਾ ਦਾ ਬਾਰਡਰ ਲਗਦਾ ਹੈ। ਇਸ ਦਾ ਸ਼ਰਾਬ ਸਮੱਗਲਰ ਵੱਡਾ ਲਾਭ ਲੈਂਦੇ ਹਨ। ਆਮ ਤੌਰ ’ਤੇ ਜਦੋਂ ਪੰਜਾਬ ਪੁਲਸ ਰੇਡ ਕਰਦੀ ਹੈ ਤਾਂ ਸਮੱਗਲਰ ਘੱਗਰ ਪਾਰ ਕਰ ਕੇ ਹਰਿਆਣਾ ਵਿਚ ਜਾ ਵਡ਼ਦੇ ਹਨ। ਜਦੋਂ ਹਰਿਆਣਾ ਪੁਲਸ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਉਹ ਪੰਜਾਬ ਵਿਚ ਸ਼ਿਫਟ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਈ ਵਾਰ ਪੁਲਸ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਵੀ ਇਸ ਪਿੰਡ ਦੇ ਸ਼ਰਾਬ ਅਤੇ ਨਸ਼ਾ ਸਮੱਗਲ ਕਰਨ ਵਾਲੇ ਵਿਅਕਤੀਆਂ ਨੂੰ ਮੁੱਖਧਾਰਾ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਮੈਂਬਰ ਪਾਰਲੀਮੈਂਟ ਡਾ. ਗਾਂਧੀ ਨੇ ਅਪਣਾਇਆ ਹੋਇਐ ਇਹ ਪਿੰਡ
ਮਰੋਡ਼ੀ ਪਿੰਡ ਨੂੰ ਬਿਹਤਰ ਬਣਾਉਣ ਲਈ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਅਪਣਾਇਆ ਸੀ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਇਸ ਪਿੰਡ ਵਿਚ ਵਧੀਆ ਸਹੂਲਤਾਂ ਮੁਹੱਈਆ ਕਰਵਾ ਕੇ ਜਿਹਡ਼ੇ ਵੀ ਲੋਕ ਇਸ ਵਿਚ ਸ਼ਾਮਲ ਹਨ, ਨੂੰ ਮੁੱਖਧਾਰਾ ਵਿਚ ਲਿਆਉਣਗੇ। ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਪਿੰਡ ਦੇ ਸਾਰੇ ਵਿਅਕਤੀ ਇਹ ਕੰਮ ਨਹੀਂ ਕਰਦੇ। ਅਜਿਹਾ ਕੰਮ ਕਰਨ ਵਾਲਿਆਂ ਕਰ ਕੇ ਸਾਰੇ ਬਦਨਾਮ ਹੁੰਦੇ ਹਨ। ਇਸ ਲਈ ਡਾ. ਗਾਂਧੀ ਨੇ ਉਦੋਂ ਐਲਾਨ ਕੀਤਾ ਕਿ ਉਹ ਇਸ ਪਿੰਡ ਨੂੰ ਬਤੌਰ ਐੈੱਮ. ਪੀ. ਅਪਣਾ ਰਹੇ ਹਨ।
ਥਾਂ-ਥਾਂ ਬਣੇ ਹੋਏ ਸਨ ਸ਼ਰਾਬ ਦੇ ਵੱਡੇ ਬੰਕਰ
ਪੁਲਸ ਦੀ ਰੇਡ ਦੌਰਾਨ ਸਾਹਮਣੇ ਆਇਆ ਕਿ ਘਰਾਂ, ਖੇਤਾਂ ਅਤੇ ਘੱਗਰ ਕੰਢੇ ਨਾਜਾਇਜ਼ ਸ਼ਰਾਬ ਦੇ ਵੱਡੇ ਬੰਕਰ ਬਣੇ ਹੋਏ ਹਨ। ਇਨ੍ਹਾਂ ਨੂੰ ਬਾਕਾਇਦਾ ਸਹੀ ਤਰੀਕੇ ਨਾਲ ਅੰਦਰੋਂ ਲਿੱਪ ਕੇ ਉੱਪਰੋਂ ਢਕਿਆ ਹੋਇਆ ਸੀ। ਪੋਲੀਥੀਨ ਦੀ ਵੱਡੀ ਚਾਦਰ ਨੂੰ ਉਸ ਬੰਕਰ ਉੱਤੇ ਪਾ ਦਿੱਤਾ ਜਾਂਦਾ ਸੀ। ਉਸ ਨੂੰ ਉੱਪਰੋਂ ਬੰਦ ਕਰ ਕੇ ਉਸ ਵਿਚ ਲਾਹਣ ਤਿਆਰ ਕੀਤੀ ਜਾਂਦੀ ਸੀ। ਕਈ ਘਰਾਂ ਦੇ ਵਿਹਡ਼ਿਆਂ ਵਿਚ ਵੀ ਇਹ ਬੰਕਰ ਬਣੇ ਹੋਏ ਮਿਲੇ। ਪਿੰਡ ਮਰੋਡ਼ੀ ਵਿਚ ਜ਼ਿਆਦਾ ਘਰਾਂ ’ਚ ਸ਼ਰਾਬ ਕੱਢੀ ਜਾਂਦੀ ਹੈ। ਲਾਹਣ ਅਤੇ ਸ਼ਰਾਬ ਟਿਊਬ ’ਚ ਭਰੀ ਹੋਈ ਸੀ। ਸ਼ਰਾਬ ਦੇ ਘਰਾਂ ਅਤੇ ਖੇਤਾਂ ਵਿਚ ਬੰਕਰ ਬਣਾਏ ਹੋਏ ਹਨ।
ਐੈੱਸ. ਐੈੱਚ. ਓ. ਸਦਰ ਸਮਾਣਾ ਤੇ ਚੌਕੀ ਇੰਚਾਰਜ ਸਸਪੈਂਡ
ਡੀ. ਐੈੱਸ. ਪੀ. ਸਮਾਣਾ ਤੋਂ ਮੰਗੀ ਐਕਸਪਲੇਨੇਸ਼ਨ
ਪਟਿਆਲਾ, (ਬਲਜਿੰਦਰ)-ਮਰੋਡ਼ੀ ਪਿੰਡ ਵਿਚੋਂ ਹਜ਼ਾਰਾਂ ਲਿਟਰ ਮਿਲੇ ਲਾਹਣ ਅਤੇ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਥਾਣਾ ਸਦਰ ਸਮਾਣਾ ਦੇ ਐੈੱਸ. ਐੈੱਚ. ਓ. ਐੱਸ. ਆਈ. ਨਰਾਇਣ ਸਿੰਘ ਅਤੇ ਮਵੀ ਕਲਾਂ ਚੌਕੀ ਦੇ ਇੰਚਾਰਜ ਐੈੱਸ. ਆਈ. ਛੱਜੂ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਪਿੰਡ ਵਿਚ ਵੱਡੀ ਮਾਤਰਾ ਵਿਚ ਲਾਹਣ ਤੇ ਸ਼ਰਾਬ ਮਿਲਣ ਨੂੰ ਲੈ ਕੇ ਐੈੱਸ. ਐੈੱਚ. ਓ. ਤੇ ਚੌਕੀ ਇੰਚਾਰਜ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ’ਤੇ ਸ਼ਰਾਬ ਸਮੱਗਲਰਾਂ ਨਾਲ ਮਿਲੀਭੁਗਤ ਹੋਣ ਦਾ ਵੀ ਸ਼ੱਕ ਹੈ। ਇਸ ਕਾਰਨ ਦੋਵਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੀ. ਐੈੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਦੀ ਐਕਸਪਲੇਨੇਸ਼ਨ ਕਰ ਕੇ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਦੀ ਸੁਪਰਵੀਜ਼ਨ ਢਿੱਲੀ ਹੋਣ ਕਾਰਨ ਹੀ ਇਸ ਪਿੰਡ ਵਿਚ ਇੰਨੇ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ।
