ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਹਵਾ, 17,000 ਤੋਂ ਵੱਧ ਅਧਿਆਪਕਾਂ ਦੀ ਲੱਗੀ ਗੈਰ-ਵਿੱਦਿਅਕ ਡਿਊਟੀ
Friday, Jun 19, 2026 - 07:15 AM (IST)
ਲੁਧਿਆਣਾ (ਵਿੱਕੀ) : ਪੰਜਾਬ ਦੀ ਸਿੱਖਿਆ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾ ਕੇ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਨਾਲ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਹੀ ਅਧਿਆਪਕਾਂ ਦੀ ਗੈਰ ਵਿੱਦਿਅਕ ਡਿਊਟੀ ਲਗਾ ਕੇ ਉਨ੍ਹਾਂ ਨੂੰ ਸਕੂਲਾਂ ਤੋਂ ਬਾਹਰ ਰੱਖਿਆ ਜਾਵੇਗਾ। ਅਧਿਆਪਕਾਂ ਦੀ ਪ੍ਰਤੀਨਿਧੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਸ ਫਰੰਟ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਅਤੇ ਸੈਕਟਰੀ ਹਰਜੀਤ ਸਿੰਘ ਸੁਧਾਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ 17000 ਤੋਂ ਵੱਧ ਅਧਿਆਪਕਾਂ ਨੂੰ ਬੀ.ਐੱਲ.ਓ. ਡਿਊਟੀ ਵਿਚ ਲਗਾ ਕੇ ਐੱਸ.ਆਈ.ਆਰ. ਸਰਵੇ ਕਰਨ ਲਈ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬੈਂਕ ਆਫ਼ ਬੜੌਦਾ ਦੇ ATM ਪੁੱਟਣ ਦੀ ਕੋਸ਼ਿਸ਼, ਮੁਲਜ਼ਮ ਆਏ ਪੁਲਸ ਅੜਿੱਕੇ, ਆਧੁਨਿਕ ਔਜ਼ਾਰ ਬਰਾਮਦ
ਇਹ ਅਧਿਆਪਕ ਆਉਣ ਵਾਲੇ ਮਹੀਨਿਆਂ ਵਿਚ ਘਰ ਘਰ ਜਾ ਕੇ ਵੋਟਰਾਂ ਦੇ ਫਾਰਮ ਭਰਨਗੇ ਤੇ ਉਨ੍ਹਾਂ ਨੂੰ ਆਨਲਾਈਨ ਅਪਲੋਡ ਕਰਨਗੇ। ਇਹ ਇਕ ਲੰਬੀ ਪ੍ਰਕਿਰਿਆ ਹੈ ਜੋ ਕਈ ਮਹੀਨਿਆਂ ਤੱਕ ਚਲਦੀ ਰਹੇਗੀ। ਇਸੇ ਤਰ੍ਹਾਂ ‘ਡਰੱਗ ਜਨਗਣਨਾ ਅਤੇ ਮਾਵਾਂ-ਧੀਆਂ ਸਤਿਕਾਰ’ ਯੋਜਨਾ ਦੇ ਨਾਮ ’ਤੇ ਲਗਭਗ ਵੀਹ ਹਜ਼ਾਰ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹਜ਼ਾਰਾਂ ਅਧਿਆਪਕ ਮਈ ਮਹੀਨੇ ਵਿਚ ਜਨਗਣਨਾ ਦਾ ਪਹਿਲਾ ਫੇਸ ਪੂਰਾ ਹੋ ਚੁੱਕਾ ਹੈ ਅਤੇ ਹੁਣ ਫਰਵਰੀ ਵਿਚ ਦੂਜਾ ਫੇਸ ਕਰਾਂਗੇ। ਇਸੇ ਦੌਰਾਨ ਨਵੰਬਰ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਜਿਸ ਕਾਰਨ ਲਗਭਗ ਦੋ ਮਹੀਨੇ ਹਜ਼ਾਰਾਂ ਅਧਿਆਪਕ ਉਸ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਲਗਾਉਣਗੇ।
ਸੀਨੀਅਰ ਉਪ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਤੇ ਸੰਯੁਕਤ ਸੈਕਟਰੀ ਗੁਰਪ੍ਰੀਤ ਸਿੰਘ ਖੰਨਾ ਨੇ ਬੀ.ਐੱਲ.ਓਜ਼ ਤੇ ਜਨਗਣਨਾ ਵਿਚ ਲੱਗੇ ਅਧਿਆਪਕਾਂ ਦੀ ਬਦਲੀ ਰੋਕਣ ਦਾ ਵੀ ਸਖਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕ ਬਦਲੀਆਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਵਿਭਾਗ ਵੱਲੋਂ ਅਚਾਨਕ ਅਜਿਹਾ ਫੈਸਲਾ ਲੈਣਾ ਬਹੁਤ ਮੰਦਭਾਗਾ ਹੈ। ਜਥੇਬੰਦੀ ਦੇ ਸੀਨੀਅਰ ਉਪ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਪ੍ਰੈੱਸ ਸੈਕਟਰੀ ਹੁਸ਼ਿਆਰ ਸਿੰਘ ਤੇ ਵਿੱਤ ਸੈਕਟਰੀ ਗੁਰਬਚਨ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਪ੍ਰਿੰ., ਹੈੱਡ ਮਾਸਟਰਾਂ, ਲੈਕਚਰਾਰਾਂ, ਮਾਸਟਰਾਂ ਤੇ ਈ.ਟੀ.ਟੀ. ਅਧਿਆਪਕਾਂ ਦੀਆਂ ਹਜ਼ਾਰਾਂ ਖਾਲੀ ਪੋਸਟਾਂ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀਆਂ ਹਨ। ਨੇਤਾਵਾਂ ਨੇ ਸਵਾਲ ਉਠਾਇਆ ਕਿ ਅਧਿਆਪਕਾਂ ਤੋਂ ਬਿਨਾਂ ਖਾਲੀ ਪਏ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੌਣ ਪੜ੍ਹਾਏਗਾ? ਨੇਤਾ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਜ਼ਿਲਿਆਂ ਵਿਚ ਅਧਿਆਪਕਾਂ ਨੂੰ ਐੱਫ.ਆਈ.ਆਰ. ਤੇ ਤਨਖਾਹ ਰੋਕਣ ਦੀਆਂ ਧਮਕੀਆਂ ਦੇ ਕੇ ਜਬਰੀ ਇਹ ਡਿਊਟੀਆਂ ਕਰਵਾਈਆਂ ਜਾ ਰਹੀਆਂ ਹੈ ਜਿਸ ਨੂੰ ਡੈਮੋਕ੍ਰੇਟਿਕ ਟੀਚਰਸ ਫਰੰਟ ਪੰਜਾਬ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ।
ਇਹ ਵੀ ਪੜ੍ਹੋ : ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ
ਇਨ੍ਹਾਂ ਗੈਰ ਵਿੱਦਿਅਕ ਕੰਮਾਂ ਦੇ ਵਿਰੋਧ ਵਿਚ 18 ਅਤੇ 19 ਜੂਨ ਨੂੰ ਪੂਰੇ ਪੰਜਾਬ ਵਿਚ ਜ਼ਿਲਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਖੰਨਾ ਹਰਪਿੰਦਰ ਸ਼ਾਹੀ, ਬਲਾਕ ਪ੍ਰਧਾਨ ਸਮਰਾਲਾ ਜਸਕਰਨ ਸਿੰਘ, ਬਲਾਕ ਪ੍ਰਧਾਨ ਦੋਰਾਹਾ ਅਮਨਦੀਪ ਸਿੰਘ, ਹਰਦੀਪ ਸਿੰਘ ਬਲਾਕ ਪ੍ਰਧਾਨ ਸਿੱਧਵਾਂ ਬੇਟ, ਲਾਲ ਸਿੰਘ ਬਲਾਕ ਪ੍ਰਧਾਨ ਮਾਂਗਟ, ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਭੰਗੂ, ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ ਰਜਿੰਦਰ ਸਿੰਘ, ਗੁਰਪ੍ਰੀਤ ਮਾਹੀ, ਪਰਮਜੀਤ ਸਿੰਘ ਬਲਾਕ ਸੈਕਟਰੀ ਖੰਨਾ, ਜਗਵਿੰਦਰ ਸਿੰਘ ਅਕਾਲਗੜ੍ਹ, ਸੁਖਮਿੰਦਰ ਸਿੰਘ ਅਕਾਲਗੜ੍ਹ, ਬਲਜੀਤ ਸਿੰਘ ਮਾਛੀਵਾੜਾ, ਰਜਿੰਦਰ ਸਿੰਘ ਤੇ ਜਸਵੀਰ ਸਿੰਘ ਅਤੇ ਅਧਿਆਪਕ ਸਾਥੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
