ਪੁੱਤ ਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ ਦਿੱਤੇ 22 ਲੱਖ ਫਿਰ ਅਮਰੀਕਾ ਨੇ ਕੀਤਾ ਡਿਪੋਟ

Sunday, Aug 04, 2019 - 08:24 PM (IST)

ਪੁੱਤ ਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ ਦਿੱਤੇ 22 ਲੱਖ ਫਿਰ ਅਮਰੀਕਾ ਨੇ ਕੀਤਾ ਡਿਪੋਟ

ਸਾਹਨੇਵਾਲ/ਕੁਹਾੜਾ (ਜਗਰੂਪ)— ਆਪਣੀ ਔਲਾਦ ਨੂੰ ਇਕ ਬੇਹਤਰ ਕੱਲ ਦੇਣ ਤੇ ਆਪਣਾ ਬੁਢਾਪਾ ਸੁਧਾਰਨ ਦਾ ਸੁਪਨਾ ਦੇਖਕੇ ਵਿਦੇਸ਼ ਭੇਜਣਾ ਕਈ ਵਾਰ ਇਨ੍ਹਾਂ ਮਹਿੰਗਾ ਪੈ ਜਾਂਦਾ ਹੈ ਕਿ ਉਹ ਆਪਣੀ ਪੂਰੀ ਪੂੰਜੀ ਆਪਣੀ ਔਲਾਦ ਨੂੰ ਬਾਹਰ ਭੇਜਣ ਲਈ ਲਗਾ ਦਿੰਦੇ ਹਨ ਪਰ ਲੱਖਾਂ ਰੁਪਏ ਖਰਚ ਕਰਨ ਦੇ ਬਾਅਦ ਵੀ ਉਨ੍ਹਾਂ ਦੀ ਔਲਾਦ ਬਾਹਰ ਵੀ ਨਹੀਂ ਵੱਸ ਪਾਉਂਦੀ ਤੇ ਉਹ ਆਪਣੀ ਪੂੰਜੀ ਵੀ ਲੁਟਾ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਕੂੰਮਕਲਾਂ 'ਚ ਦਰਜ ਹੋਇਆ ਹੈ। ਜਿਥੇ ਪੀੜਤ ਹਰਬੰਸ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਘੁਮੈਤ, ਲੁਧਿਆਣਾ ਨੇ ਇਕ ਏਜੰਟ ਖਿਲਾਫ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਪਿੰਡ ਸਿਉੜਾ, ਲੁਧਿਆਣਾ ਦੇ ਇਕ ਏਜੰਟ ਚਰਨ ਸਿੰਘ ਪੁੱਤਰ ਫਕੀਰੀਆ ਸਿੰਘ ਨਾਲ ਸੰਪਰਕ ਕੀਤਾ ਸੀ। ਜਿਸਨੇ ਉਸਦੇ ਲੜਕੇ ਨੂੰ ਅਮਰੀਕਾ ਭੇਜਣ ਲਈ 22 ਲੱਖ ਰੁਪਏ ਦੀ ਮੰਗ ਕੀਤੀ। ਜੋ ਉਸਨੇ ਪੂਰੀ ਕਰਦੇ ਹੋਏ ਉਸਦੇ ਲੜਕੇ ਨੂੰ ਅਮਰੀਕਾ ਭੇਜਣ ਲਈ ਕਿਹਾ। ਉਕਤ ਏਜੰਟ ਨੇ ਉਸਦੇ ਲੜਕੇ ਨੂੰ ਅਮਰੀਕਾ ਤਾਂ ਭੇਜ ਦਿੱਤਾ ਪਰ ਉਸ ਦੇ ਕਾਗਜ਼ਾਤ ਸਭ ਜਾਅਲੀ ਲਗਾ ਦਿੱਤੇ। ਜਿਸਦਾ ਖੁਲਾਸਾ ਉਦੋਂ ਹੋਇਆ ਜਦੋਂ ਅਮਰੀਕਾ ਦੀ ਪੁਲਸ ਨੇ ਉਸਦੇ ਲੜਕੇ ਨੂੰ ਉਥੋਂ ਫੜਕੇ ਇੰਡੀਆ ਡਿਪੋਟ ਕਰ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀੜਤ ਹਰਬੰਸ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਏਜੰਟ ਚਰਨ ਸਿੰਘ ਨੇ ਜਾਅਲੀ ਕਾਗਜ਼ਾਤ ਦੇ ਸਹਾਰੇ ਉਸਦੇ ਲੜਕੇ ਨੂੰ ਅਮਰੀਕਾ ਭੇਜਣ ਦੇ ਨਾਮ 'ਤੇ ਲਗਭਗ 23 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਸ ਨੇ ਚਰਨ ਸਿੰਘ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼ ਦੇ ਮੋਹ 'ਚ ਲੁੱਟੇ ਜਾ ਰਹੇ ਨੇ ਪੰਜਾਬੀ 
ਪੰਜਾਬੀਆਂ ਦੇ ਸਿਰ 'ਤੇ ਵਿਦੇਸ਼ ਜਾਣ ਦਾ ਭੂਤ ਇਸ ਕਦਰ ਸਵਾਰ ਹੋ ਚੁੱਕਾ ਹੈ ਕਿ ਉਹ ਸੱਚ ਨੂੰ ਨੇੜੇ ਤੋਂ ਜਾਣਨ ਦੇ ਬਾਅਦ ਵੀ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਰੁਕ ਨਹੀਂ ਰਹੇ। ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਪੰਜਾਬੀ ਆਰਥਿਕ ਤੌਰ 'ਤੇ ਆਪਣੀ ਲੁੱਟ ਕਰਵਾ ਕੇ ਵੀ ਸਮਝਣ ਨੂੰ ਤਿਆਰ ਨਹੀਂ ਹਨ।

'ਜਗ ਬਾਣੀ' ਨੇ ਕੁਝ ਦਿਨ ਪਹਿਲਾਂ ਕੀਤਾ ਸੀ ਵੱਡਾ ਖੁਲਾਸਾ 
ਵਿਦੇਸ਼ ਜਾਣ ਦੀ ਲੱਗੀ ਹੋੜ ਦੇ ਚਲਦੇ 'ਜਗ ਬਾਣੀ' ਚੈਨਲ ਨੇ ਇਕ ਵਿਸ਼ੇਸ਼ ਰਿਪੋਰਟ ਰਾਹੀਂ ਵਿਦੇਸ਼ ਜਾਣ ਦੇ ਨਾਮ 'ਤੇ ਹੁੰਦੀ ਪੰਜਾਬੀਆਂ ਦੀ ਲੁੱਟ ਦਾ ਖੁਲਾਸਾ ਕੀਤਾ ਸੀ। ਜਿਸ 'ਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਕੈਨੇਡਾ, ਅਮਰੀਕਾ ਆਦਿ ਵੱਡੇ ਮੁਲਕਾਂ 'ਚ ਪਹੁੰਚਣ ਲਈ ਇਨਸਾਨੀ ਜ਼ਿੰਦਗੀਆਂ ਵੀ ਵਿਦੇਸ਼ਾਂ ਦੇ ਮਾਰੂਥਲਾਂ 'ਚ ਸੜ ਜਾਂਦੀਆਂ ਹਨ। ਇਥੋਂ ਤੱਕ ਕਿ ਇਕ ਮਾਸੂਮ ਨੰਨ੍ਹੀ ਜਾਨ ਬਿਨ੍ਹਾਂ ਪਾਣੀ ਤੇ ਖਾਣੇ ਦੇ ਆਪਣੀ ਜਾਨ ਤੋਂ ਹੱਥ ਧੋ ਬੈਠੀ ਸੀ ਪਰ ਪੰਜਾਬ ਦੇ ਪੜ੍ਹੇ-ਲਿਖੇ, ਸਿਆਣੇ ਲੋਕ ਅਨਪੜ੍ਹਾਂ ਦੀ ਤਰ੍ਹਾਂ ਸਿਰਫ ਇਕੋ ਰਟ 'ਵਿਦੇਸ਼' ਦੀ ਲਗਾ ਕੇ ਆਪਣੀ ਅਤੇ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ।


author

KamalJeet Singh

Content Editor

Related News