ਕਰਿਆਨੇ ਦੀ ਦੁਕਾਨ ਤੋਂ ਸਾਮਾਨ ਪੈਕ ਕਰਵਾ ਕੇ ਠੱਗ ਹੋਏ ਰਫ਼ੂਚੱਕਰ

09/27/2021 11:16:20 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)-ਅੱਜਕਲ ਲੋਕਾਂ ਨੇ ਠੱਗੀ ਦਾ ਨਵਾਂ ਢੰਗ ਲੱਭਿਆ ਹੈ। ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਹਨ ਅਤੇ ਦੁਕਾਨ ਤੋਂ ਸਾਮਾਨ ਪੈਕ ਕਰਵਾ ਕੇ ਰਫ਼ੂਚੱਕਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸਥਾਨਕ ਗੋਨਿਆਣਾ ਰੋਡ ਸਥਿਤ ਦਸਮੇਸ਼ ਕਰਿਆਨਾ ਸਟੋਰ ’ਤੇ ਵੀ ਅੱਜ ਬੰਦ ਦੇ ਦੌਰਾਨ ਸ਼ਾਮ ਨੂੰ ਕਰੀਬ 5 ਵਜੇ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ, ਜਿਨ੍ਹਾਂ ਵਿਚੋਂ ਇਕ ਦੁਕਾਨ ਦੇ ਅੰਦਰ ਗਿਆ ਅਤੇ ਸਾਮਾਨ ਪੈਕ ਕਰਵਾਉਣ ਲੱਗ ਗਿਆ। ਜਦੋਂ ਕਾਫ਼ੀ ਸਾਮਾਨ ਹੋ ਗਿਆ ਤਾਂ ਨੌਜਵਾਨ ਨੇ ਦੁਕਾਨਦਾਰ ਤੋਂ ਅਜਿਹਾ ਸਾਮਾਨ ਮੰਗਿਆ, ਜੋ ਦੁਕਾਨ ਦੇ ਅੰਦਰੋਂ ਲੈ ਕੇ ਆਉਣਾ ਸੀ। ਜਦੋਂ ਦੁਕਾਨਦਾਰ ਸਾਮਾਨ ਚੁੱਕਣ ਗਿਆ ਤਾਂ ਉਹ ਨੌਜਵਾਨ ਲਿਫਾਫੇ ’ਚ ਪਹਿਲਾਂ ਤੋਂ ਹੀ ਪਾਏ ਹੋਏ ਸਾਮਾਨ ਨੂੰ ਲੈ ਕੇ ਆਪਣੇ ਦੂਜੇ ਦੋਸਤ ਜੋ ਕਿ ਪਹਿਲਾਂ ਹੀ ਮੋਟਰਸਾਈਕਲ ਸਟਾਰਟ ਕਰ ਕੇ ਬਾਹਰ ਖੜ੍ਹਾ ਸੀ, ਉਸ ਨਾਲ ਰਫ਼ੂਚੱਕਰ ਹੋ ਗਿਆ।

ਦੁਕਾਨ ਦੇ ਮਾਲਕ ਓਂਕਾਰ ਮਲਹੋਤਰਾ ਨੇ ਦੱਸਿਆ ਕਿ ਨੌਜਵਾਨ ਕਰੀਬ 10 ਹਜ਼ਾਰ ਰੁਪਏ ਦਾ ਸਾਮਾਨ ਲੈ ਗਏ ਹਨ, ਜਦਕਿ ਉਹ ਦੁਕਾਨ ’ਤੇ ਇਕੱਲਾ ਸੀ ਅਤੇ ਉਹ ਸਾਮਾਨ ਲੈਣ ਲਈ ਜਦੋਂ ਅੰਦਰ ਗਿਆ ਤਾਂ ਨੌਜਵਾਨ ਭੱਜ ਗਏ। ਉਸ ਨੇ ਕਾਫ਼ੀ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਆਏ। ਇਹ ਨੌਜਵਾਨ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਵੀ ਕੈਦ ਹੋ ਗਏ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Manoj

Content Editor

Related News