ਪੰਜਾਬ ਪੁਲਸ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਮਾਰੀ 18 ਲੱਖ ਦੀ ਠੱਗੀ, ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮ ਨਾਮਜ਼ਦ
Thursday, Jul 04, 2024 - 11:51 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਪੁਲਸ ’ਚ ਨੌਕਰੀ ਲਗਵਾਉਣ ਦੇ ਨਾਂ ’ਤੇ ਚੰਡੀਗੜ੍ਹ ਪੁਲਸ ਦੇ ਇਕ ਇੰਸਪੈਕਟਰ ਸਮੇਤ ਤਿੰਨ ਪੁਲਸ ਮੁਲਾਜ਼ਮਾਂ ਨੇ ਮੋਹਾਲੀ ਦੇ ਚੱਪੜਚਿੜੀ ਵਾਸੀ ਵਿਅਕਤੀ ਨਾਲ 18 ਲੱਖ ਰੁਪਏ ਦੀ ਠੱਗੀ ਮਾਰ ਲਈ। ਸ਼ਿਕਾਇਤਕਰਤਾ ਦੀ ਇੰਸਪੈਕਟਰ ਨਾਲ ਮੁਲਾਕਾਤ ਹੋਮ ਗਾਰਡ ਦੇ ਜਵਾਨ ਨੇ ਕਰਵਾਈ ਸੀ। ਭਰਤੀ ਨਾ ਹੋਣ ’ਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗੇ। ਸ਼ਿਕਾਇਤਕਰਤਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਟ੍ਰੈਫਿਕ ਵਿੰਗ ’ਚ ਤਾਇਨਾਤ ਇੰਸਪੈਕਟਰ ਰਾਕੇਸ਼ ਕੁਮਾਰ, ਏ.ਐੱਸ.ਆਈ. ਸੁਰਜੀਤ ਸਿੰਘ ਅਤੇ ਹੋਮਗਾਰਡ ਜਸਵਿੰਦਰ ਦੀ ਸ਼ਿਕਾਇਤ ਪੁਲਸ ਵਿਭਾਗ ਨੇ ਦਬਾ ਕੇ ਰੱਖੀ। ਹਾਲ ਹੀ ’ਚ ਡੀ.ਐੱਸ.ਪੀ. ਨੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਅਧਿਕਾਰੀਆਂ ਨੂੰ ਭੇਜੀ ਸੀ। ਸੈਕਟਰ 19 ਥਾਣਾ ਪੁਲਸ ਨੇ ਬੁੱਧਵਾਰ ਰਾਤ ਜਸਪ੍ਰੀਤ ਸਿੰਘ ਵਾਸੀ ਚੱਪੜਚਿੜੀ, ਮੋਹਾਲੀ ਦੀ ਸ਼ਿਕਾਇਤ ’ਤੇ ਇੰਸਪੈਕਟਰ ਰਾਕੇਸ਼ ਕੁਮਾਰ, ਏ.ਐੱਸ.ਆਈ. ਸੁਰਜੀਤ ਸਿੰਘ ਤੇ ਹੋਮਗਾਰਡ ਜਵਾਨ ਜਸਵਿੰਦਰ ਸਿੰਘ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 318 (4), 61 ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਮੋਹਾਲੀ ਦੇ ਚੱਪੜਚਿੜੀ ਦੇ ਵਸਨੀਕ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪੰਜਾਬ ਪੁਲਸ ’ਚ ਨੌਕਰੀ ਲੱਗਣ ਲਈ ਉਸ ਨੇ ਚੰਡੀਗੜ੍ਹ ਪੁਲਸ ’ਚ ਤਾਇਨਾਤ ਹੋਮਗਾਰਡ ਜਵਾਨ ਜਸਵਿੰਦਰ ਸਿੰਘ ਨਾਲ 2019 ’ਚ ਗੱਲਬਾਤ ਕੀਤੀ ਸੀ। ਹੋਮ ਗਾਰਡ ਜਵਾਨ ਜਸਵਿੰਦਰ ਸਿੰਘ ਨੇ ਉਸ ਨੂੰ ਪੰਜਾਬ ਪੁਲਸ ’ਚ ਨੌਕਰੀ ਲਗਵਾਉਣ ਲਈ ਉਸ ਦੀ ਮੁਲਾਕਾਤ ਇੰਸਪੈਕਟਰ ਰਾਕੇਸ਼ ਕੁਮਾਰ ਨਾਲ ਕਰਵਾਈ ਸੀ। ਦੋਸ਼ ਹੈ ਕਿ ਉਕਤ ਪੁਲਸ ਮੁਲਾਜ਼ਮਾਂ ਨੇ ਨੌਕਰੀ ਲਗਵਾਉਣ ਦੇ ਨਾਂ ’ਤੇ 18 ਲੱਖ ਰੁਪਏ ਮੰਗੇ ਸਨ।
ਇਹ ਵੀ ਪੜ੍ਹੋ- ਮਾਨਸੂਨ ਨੇ 6 ਦਿਨ ਪਹਿਲਾਂ ਹੀ ਦੇ ਦਿੱਤੀ ਦਸਤਕ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਹੋਈ ਭਾਰੀ ਮੀਂਹ ਦੀ ਚਿਤਾਵਨੀ
ਉਸ ਨੇ ਪੰਜਾਬ ਪੁਲਸ ’ਚ ਨੌਕਰੀ ਲਗਵਾਉਣ ਲਈ ਹੋਮ ਗਾਰਡ ਜਵਾਨ ਜਸਵਿੰਦਰ ਸਿੰਘ, ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਪੈਸੇ ਦਿੱਤੇ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਲੈਣ ਸਮੇਂ ਉਕਤ ਪੁਲਸ ਮੁਲਾਜ਼ਮਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਪੰਜਾਬ ਪੁਲਸ ’ਚ ਜਾਣ-ਪਛਾਣ ਹੈ ਤੇ ਉਹ ਨੌਕਰੀ ਲਗਵਾ ਦੇਣਗੇ। ਪੈਸੇ ਲੈਣ ਤੋਂ ਬਾਅਦ ਉਕਤ ਪੁਲਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਨੌਕਰੀ ’ਤੇ ਨਹੀਂ ਲਾਇਆ। ਸ਼ਿਕਾਇਤਕਰਤਾ ਵਾਰ-ਵਾਰ ਉਕਤ ਪੁਲਸ ਮੁਲਾਜ਼ਮਾਂ ਤੋਂ ਆਪਣੇ ਪੈਸੇ ਵਾਪਸ ਮੰਗਦਾ ਰਿਹਾ। ਆਖ਼ਰ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਅਧਿਕਾਰੀਆਂ ਨੇ ਇੰਸਪੈਕਟਰ ਦੀ ਜਾਂਚ ਡੀ.ਐੱਸ.ਪੀ. ਈਸਟ ਪਲਕ ਗੋਇਲ ਨੂੰ ਸੌਂਪ ਦਿੱਤੀ ਸੀ, ਜਿਨ੍ਹਾਂ ਨੇ ਮਾਮਲੇ ਦੀ 9 ਮਹੀਨਿਆਂ ਤੱਕ ਜਾਂਚ ਕੀਤੀ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਬੁਲਾ ਕੇ ਉਸ ਦੇ ਬਿਆਨ ਦਰਜ ਕੀਤੇ ਤੇ ਪੈਸੇ ਦੀ ਅਦਾਇਗੀ ਦਾ ਸਬੂਤ ਮੰਗਿਆ। ਸ਼ਿਕਾਇਤਕਰਤਾ ਨੇ ਡੀ.ਐੱਸ.ਪੀ. ਨੂੰ ਭਰਤੀ ਕਰਵਾਉਣ ਦੀ ਗੱਲ ਕਹਿਣ ਤੇ ਪੈਸੇ ਦੇਣ ਦੇ ਸਬੂਤ ਦਿੱਤੇ ਸਨ।
9 ਮਹੀਨਿਆਂ ਦੀ ਜਾਂਚ ਤੋਂ ਬਾਅਦ ਡੀ.ਐੱਸ.ਪੀ. ਪਲਕ ਗੋਇਲ ਨੇ ਇੰਸਪੈਕਟਰ ਰਾਕੇਸ਼ ਕੁਮਾਰ, ਏ.ਐੱਸ.ਆਈ. ਸੁਰਜੀਤ ਸਿੰਘ ਤੇ ਹੋਮਗਾਰਡ ਜਵਾਨ ਜਸਵਿੰਦਰ ਸਿੰਘ ਦੀ ਜਾਂਚ ਦੀ ਸਪੈਸ਼ਲ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਸੀ। ਡੀ.ਐੱਸ.ਪੀ. ਦੀ ਰਿਪੋਰਟ ਦੇਖਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਉਕਤ ਤਿੰਨਾਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਸੈਕਟਰ 19 ਥਾਣਾ ਪੁਲਸ ਨੇ ਹੁਕਮ ਮਿਲਦਿਆਂ ਹੀ ਇੰਸਪੈਕਟਰ ਰਾਕੇਸ਼ ਕੁਮਾਰ, ਏ.ਐੱਸ.ਆਈ. ਸੁਰਜੀਤ ਸਿੰਘ ਤੇ ਹੋਮਗਾਰਡ ਜਵਾਨ ਜਸਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਹਿਲਾਂ ਹੋਇਆ ਸੀ ਹੋਮਗਾਰਡ ਜਵਾਨ ਨੂੰ ਕਾਂਸਟੇਬਲ ਭਰਤੀ ਕਰਵਾਉਣ ਦਾ ਮਾਮਲਾ ਦਰਜ
ਇੰਸਪੈਕਟਰ ਰਾਕੇਸ਼ ਕੁਮਾਰ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ’ਚ ਤਾਇਨਾਤ ਹੋਮਗਾਰਡ ਜਵਾਨ ਨੂੰ ਕਾਂਸਟੇਬਲ ਵਜੋਂ ਭਰਤੀ ਕਰਵਾਉਣ ਦੇ ਨਾਂ ’ਤੇ 1 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ 2017 ’ਚ ਦਰਜ ਹੋਇਆ ਸੀ। ਉਸ ਸਮੇਂ ਮਾਮਲਾ ਸੈਕਟਰ 26 ਦੇ ਥਾਣੇ ’ਚ ਤਾਇਨਾਤ ਹੋਮਗਾਰਡ ਪ੍ਰਕਾਸ਼ ਨੇਗੀ ਵੱਲੋਂ ਸੈਕਟਰ 19 ’ਚ ਦਰਜ ਕਰਵਾਇਆ ਗਿਆ ਸੀ। ਪੁਲਸ ਵਿਭਾਗ ਨੇ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਹੋਮ ਗਾਰਡ ਜਵਾਨ ਪ੍ਰਕਾਸ਼ ਨੇਗੀ ਨੇ ਸ਼ਿਕਾਇਤ ’ਚ ਦੱਸਿਆ ਕਿ 2016 ’ਚ ਡਿਊਟੀ ਦੌਰਾਨ ਉਸ ਦੀ ਮੁਲਾਕਾਤ ਸੈਕਟਰ 19 ਥਾਣੇ ’ਚ ਤਤਕਾਲੀ ਇੰਸਪੈਕਟਰ ਰਾਕੇਸ਼ ਕੁਮਾਰ ਨਾਲ ਹੋਈ ਸੀ।
ਇੰਸਪੈਕਟਰ ਨੇ ਕਿਹਾ ਕਿ ਉਹ ਉਸ ਨੂੰ ਚੰਡੀਗੜ੍ਹ ਪੁਲਸ ’ਚ ਕਾਂਸਟੇਬਲ ਵਜੋਂ ਭਰਤੀ ਕਰਵਾ ਦੇਵੇਗਾ ਪਰ ਇਸ ਲਈ ਉਸ ਨੂੰ 2 ਲੱਖ 65 ਹਜ਼ਾਰ ਰੁਪਏ ਦੇਣੇ ਪੈਣਗੇ। ਹੋਮਗਾਰਡ ਨੇ ਇੰਸਪੈਕਟਰ ਨੂੰ 2 ਲੱਖ 65 ਹਜ਼ਾਰ ਰੁਪਏ ਦਿੱਤੇ। ਪੈਸੇ ਲੈਣ ਤੋਂ ਬਾਅਦ ਉਹ ਬਹਾਨੇ ਬਣਾਉਣ ਲੱਗਾ। 6 ਮਹੀਨਿਆਂ ਬਾਅਦ ਜਦੋਂ ਹੋਮਗਾਰਡ ਨੇ ਪੈਸੇ ਮੰਗੇ ਤਾਂ ਇੰਸਪੈਕਟਰ ਨੇ ਹੋਮ ਗਾਰਡ ਨੂੰ 1 ਲੱਖ ਰੁਪਏ ਦੇ ਦਿੱਤੇ ਤੇ ਬਾਕੀ ਰਕਮ 2 ਮਹੀਨੇ ਬਾਅਦ ਦੇਣ ਲਈ ਕਿਹਾ। 2 ਮਹੀਨਿਆਂ ਬਾਅਦ ਜਦੋਂ ਹੋਮ ਗਾਰਡ ਨੇ ਫਿਰ ਪੈਸੇ ਮੰਗੇ ਤਾਂ ਇੰਸਪੈਕਟਰ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਡੀ.ਐੱਸ.ਪੀ. ਸਤੀਸ਼ ਕੁਮਾਰ ਦੀ ਰਿਪੋਰਟ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਪੀ.ਯੂ. ਘਪਲੇ ’ਚ ਮੁਲਜ਼ਮ ਮਹਿਲਾ ਦੀ ਮਦਦ ਦੇ ਦੋਸ਼ ’ਚ ਹੋਇਆ ਸੀ ਲਾਈਨ ਹਾਜ਼ਰ
ਇੰਸਪੈਕਟਰ ਰਾਕੇਸ਼ ਕੁਮਾਰ ’ਤੇ ਇਸ ਤੋਂ ਪਹਿਲਾਂ ਪੀ.ਯੂ. ’ਚ ਲੱਖਾਂ ਰੁਪਏ ਦੇ ਘਪਲੇ ’ਚ ਮੁਲਜ਼ਮ ਪੂਜਾ ਬੱਗਾ ਦੀ ਮਦਦ ਕਰਨ ਦੇ ਵੀ ਦੋਸ਼ ਲੱਗੇ ਸਨ। ਦੋਸ਼ ਲੱਗਣ ਤੋਂ ਬਾਅਦ ਪੁਲਸ ਵਿਭਾਗ ਨੇ ਤਤਕਾਲੀ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ।
ਇਕ ਦਿਨ ਲਈ ਲਾਇਆ ਸੀ 26 ਥਾਣੇ ਦਾ ਐੱਸ.ਐੱਚ.ਓ.
18 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਨਾਮਜ਼ਦ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਪੁਲਸ ਵਿਭਾਗ ਨੇ ਇਕ ਦਿਨ ਲਈ ਸੈਕਟਰ 26 ਥਾਣੇ ਦਾ ਐੱਸ.ਐੱਚ.ਓ. ਲਾਇਆ ਸੀ ਪਰ ਰਾਕੇਸ਼ ਕੁਮਾਰ ਉਸ ਸਮੇਂ ਛੁੱਟੀ ’ਤੇ ਚੱਲ ਰਹੇ ਸਨ ਤੇ ਉਨ੍ਹਾਂ ਨੇ ਜੁਆਇਨ ਨਹੀਂ ਸੀ ਕੀਤਾ। ਅਗਲੇ ਦਿਨ ਪੁਲਸ ਅਧਿਕਾਰੀਆਂ ਨੇ ਇੰਸਪੈਕਟਰ ਰਾਕੇਸ਼ ਕੁਮਾਰ ਦੇ ਐੱਸ.ਐੱਚ.ਓ. ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e