ਕਿਸਾਨਾਂ ਵਲੋਂ ਬਿਜਲੀ ਮਹਿਕਮੇ ਖਿਲਾਫ਼ ਨਾਅਰੇਬਾਜ਼ੀ
Saturday, Dec 01, 2018 - 01:28 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਿੰਡ ਜਵੰਧਾ ਪਿੰਡੀ ਦੇ ਕਿਸਾਨਾਂ ਵਲੋਂ ਬਿਜਲੀ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਖਡ਼੍ਹੇ ਕਰਦਿਆਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਗੱਲਬਾਤ ਕਰਦਿਆਂ ਕਿਸਾਨ ਮਲੂਕ ਸਿੰਘ, ਜਗਸੀਰ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ, ਕਾਲਾ ਸਿੰਘ, ਮੇਹਰ ਸਿੰਘ, ਜਗਦੇਵ ਸਿੰਘ ਅਤੇ ਰਾਮ ਸਿੰਘ ਆਦਿ ਨੇ ਕਿਹਾ ਕਿ ਖੇਤਾਂ ਨੂੰ ਬਿਜਲੀ ਦੀ ਸਪਲਾਈ ਰੋਜ਼ਾਨਾ ਹੀ ਠੱਪ ਰਹਿੰਦੀ ਹੈ, ਜਿਸ ਨੂੰ ਲੈ ਕੇ ਅਸੀਂ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਅਤੇ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਬਿਜਲੀ ਸਪਲਾਈ ਨਿਰਵਿਘਨ ਨਹੀਂ ਚਲਾਈ ਜਾ ਰਹੀ, ਜਿਸ ਕਾਰਨ ਸਾਡੀਆਂ ਫਸਲਾਂ ਆਦਿ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸੂਬਾ ਬਿਜਲੀ ਪੱਖੋਂ ਸਰਪਲੱਸ ਸੂਬਾ ਹੋਣ ਦੇ ਬਾਵਜੂਦ ਸਾਨੂੰ ਬਿਜਲੀ ਨਹੀਂ ਮਿਲ ਰਹੀ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਚੇਅਰਮੈਨ ਬਿਜਲੀ ਬੋਰਡ ਤੋਂ ਮੰਗ ਕੀਤੀ ਹੈ ਕਿ ਖੇਤਾਂ ਨਾਲ ਸਬੰਧਤ ਬਿਜਲੀ ਸਪਲਾਈ ਨਿਰਵਿਘਨ ਸ਼ੁਰੂ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੀਆਂ ਫਸਲਾਂ ਦੀ ਸਿੰਚਾਈ ਕਰ ਸਕੀਏ।