ਆਤਿਸ਼ੀ ਵੀਡੀਓ ਮਾਮਲੇ 'ਚ ਖਹਿਰਾ, ਪਰਗਟ ਤੇ ਸੁਖਬੀਰ ਬਾਦਲ ਖਿਲਾਫ਼ FIR ਦਰਜ

Saturday, Jan 10, 2026 - 12:36 AM (IST)

ਆਤਿਸ਼ੀ ਵੀਡੀਓ ਮਾਮਲੇ 'ਚ ਖਹਿਰਾ, ਪਰਗਟ ਤੇ ਸੁਖਬੀਰ ਬਾਦਲ ਖਿਲਾਫ਼ FIR ਦਰਜ

ਜਲੰਧਰ/ਚੰਡੀਗੜ੍ਹ: ਪੰਜਾਬ ਵਿੱਚ ਸਿਆਸੀ ਬਦਲਾਖੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਸ 'ਤੇ ਤਿੱਖਾ ਹਮਲਾ ਕੀਤਾ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਇਸ਼ਾਰੇ 'ਤੇ ਉਨ੍ਹਾਂ ਸਮੇਤ ਸੁਖਬੀਰ ਸਿੰਘ ਬਾਦਲ ਅਤੇ ਵਿਧਾਇਕ ਪਰਗਟ ਸਿੰਘ ਵਿਰੁੱਧ ਇੱਕ "ਬਿਲਕੁਲ ਝੂਠੀ FIR" ਦਰਜ ਕੀਤੀ ਗਈ ਹੈ।

ਇਹ ਮਾਮਲਾ ਦਿੱਲੀ ਦੀ ਮੰਤਰੀ ਆਤਿਸ਼ੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਨਾਲ ਜੁੜਿਆ ਹੋਇਆ ਹੈ। ਵਿਰੋਧੀ ਨੇਤਾਵਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਿਰੁੱਧ ਆਤਿਸ਼ੀ ਵੱਲੋਂ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਵਾਲੀ ਵੀਡੀਓ ਸਾਂਝੀ ਕੀਤੀ ਸੀ। 

ਇਸ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਸੀ.ਪੀ. ਜਲੰਧਰ (ਪੰਜਾਬ ਪੁਲਸ) ਨੂੰ ਇੱਕ 'ਪ੍ਰੀਵਿਲੇਜ ਨੋਟਿਸ' (Privilege Notice) ਜਾਰੀ ਕੀਤਾ ਹੈ। ਖਹਿਰਾ ਅਨੁਸਾਰ, ਇਹ ਨੋਟਿਸ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਪੁਲਸ ਨੇ ਦਿੱਲੀ ਵਿਧਾਨ ਸਭਾ ਦੀ ਵੀਡੀਓ ਰਿਕਾਰਡਿੰਗ ਦੀ ਵਰਤੋਂ ਕਰਕੇ FIR ਦਰਜ ਕੀਤੀ ਹੈ, ਜੋ ਕਿ ਸਦਨ ਦੇ ਨਿਯਮਾਂ ਦੀ ਉਲੰਘਣਾ ਹੈ।

ਸਿਆਸੀ ਬਦਲਾਖੋਰੀ ਦੇ ਦੋਸ਼
ਸੁਖਪਾਲ ਸਿੰਘ ਖਹਿਰਾ ਨੇ ਇਸ ਕਾਰਵਾਈ ਨੂੰ "ਸਿਆਸੀ ਅੱਤਵਾਦ" ਅਤੇ ਅਤਿ ਦੀ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਬੋਗਸ FIR ਨੇ ਸਾਬਤ ਕਰ ਦਿੱਤਾ ਹੈ ਕਿ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਡਰਾਉਣ ਅਤੇ ਧਮਕਾਉਣ ਲਈ ਪੰਜਾਬ ਨੂੰ ਇੱਕ 'ਪੁਲਸ ਸਟੇਟ' ਵਿੱਚ ਬਦਲ ਦਿੱਤਾ ਹੈ।

ਸਰਕਾਰ ਨੂੰ ਘੇਰਿਆ
ਖਹਿਰਾ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਹੁਣ ਜਨਤਾ ਦੇ ਸਾਹਮਣੇ ਬੁਰੀ ਤਰ੍ਹਾਂ ਨੰਗਾ ਹੋ ਗਿਆ ਹੈ। ਪਹਿਲਾਂ ਹੋਈਆਂ ਚਰਚਾਵਾਂ ਅਨੁਸਾਰ, ਦਿੱਲੀ ਵਿਧਾਨ ਸਭਾ ਵਿੱਚ ਵੀਡੀਓ ਰਿਕਾਰਡਿੰਗ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ, ਪਰ ਹੁਣ ਪੰਜਾਬ ਪੁਲਿਸ ਵੱਲੋਂ ਦਰਜ ਕੀਤੀ ਗਈ ਇਸ FIR ਨੇ ਇਸ ਮਾਮਲੇ ਨੂੰ ਅੰਤਰ-ਰਾਜੀ ਸਿਆਸੀ ਜੰਗ ਵਿੱਚ ਬਦਲ ਦਿੱਤਾ ਹੈ।
 


author

Inder Prajapati

Content Editor

Related News