ਦਾਜ ਦੀ ਮੰਗ ਤੋਂ ਪ੍ਰੇਸ਼ਾਨ ਨਵ-ਵਿਆਹੁਤਾ ਨੇ ਕੀਤੀ ਸੁਸਾਈਡ
Sunday, Sep 30, 2018 - 07:13 AM (IST)

ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-25 ਸਥਿਤ ਕਾਲੋਨੀ ’ਚ ਦਾਜ ਦੀ ਮੰਗ ਤੋਂ ਪ੍ਰੇਸ਼ਾਨ ਹੋ ਕੇ ਇਕ ਨਵ-ਵਿਆਹੁਤਾ ਨੇ ਸ਼ੁੱਕਰਵਾਰ ਰਾਤ ਨੂੰ ਫਾਹ ਲੈ ਲਿਆ। ਪੁਲਸ ਨੇ ਉਸ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸੈਕਟਰ-25 ਵਿਚ ਰਹਿਣ ਵਾਲੀ ਨਾਜ਼ਰੀਨ (19) ਵਜੋਂ ਹੋਈ ਹੈ। ਸੈਕਟਰ-11 ਥਾਣਾ ਪੁਲਸ ਨੇ ਮੁਜ਼ੱਫਰਨਗਰ ਨਿਵਾਸੀ ਪਿਤਾ ਇਸਲਾਮਦੀਨ ਦੀ ਸ਼ਿਕਾਇਤ ’ਤੇ ਪਤੀ ਮੁਹੰਮਦ ਸ਼ੋਇਬ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਲਜ਼ਮ ਦਾ ਐਤਵਾਰ ਨੂੰ ਪੁਲਸ ਰਿਮਾਂਡ ਹਾਸਲ ਕਰੇਗੀ।
ਇਸਲਾਮਦੀਨ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ 24 ਅਪ੍ਰੈਲ ਨੂੰ ਧੀ ਨਾਜ਼ਰੀਨ ਦਾ ਵਿਆਹ ਸੈਕਟਰ-25 ਨਿਵਾਸੀ ਮੁਹੰਮਦ ਸ਼ੋਇਬ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਪਤੀ ਦਾਜ ਦੀ ਮੰਗ ਸਬੰਧੀ ਨਾਜ਼ਰੀਨ ਨਾਲ ਕੁੱਟ-ਮਾਰ ਕਰਨ ਲੱਗਾ। ਅਗਸਤ ’ਚ ਉਹ 50 ਹਜ਼ਾਰ ਰੁਪਏ ਧੀ ਦੇ ਪਤੀ ਨੂੰ ਦੇ ਕੇ ਗਿਆ ਸੀ। ਉਨ੍ਹਾਂ ਦੱਸਿਆ ਨੇ ਦਾਜ ਵਿਚ ਦਿੱਤੀ ਮੋਟਰਸਾਈਕਲ ਵੀ ਵੇਚ ਦਿੱਤੀ। ਧੀ ਨੇ ਦੱਸਿਆ ਸੀ ਕਿ ਪਤੀ ਸ਼ੋਇਬ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਹ ਕੁੱਟ-ਮਾਰ ਕਰਦਾ ਹੈ। ਸ਼ੁੱਕਰਵਾਰ ਨੂੰ ਸ਼ੋਇਬ ਦੇ ਭਰਾ ਨੇ ਉਨ੍ਹਾਂ ਨੂੰ ਫੋਨ ਕਰਕੇ ਨਾਜ਼ਰੀਨ ਵਲੋਂ ਆਤਮ ਹੱਤਿਆ ਕਰਨ ਦੀ ਜਾਣਕਾਰੀ ਦਿੱਤੀ। ਧੀ ਦੀ ਮੌਤ ਦੀ ਸੂਚਨਾ ਮਿਲਦਿਅਾਂ ਹੀ ਚੰਡੀਗਡ਼੍ਹ ਪੁੱਜੇ ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਪਤੀ ਮੁਹੰਮਦ ਸ਼ੋਇਬ ਨੂੰ ਕਾਬੂ ਕੀਤਾ। ਪੁਲਸ ਮਾਮਲੇ ਵਿਚ ਸ਼ੋਇਬ ਦੀ ਭਰਜਾਈ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।