ਵਿਕਾਸ ਕਾਰਜ ਇੱਕਲੇ ਹਲਕੇ ਜਾਂ ਪਿੰਡ ਲਈ ਨਹੀਂ ਬਲਕਿ ਸਮੁਚੇ ਜ਼ਿਲ੍ਹੇ ਲਈ ਹਨ: ਚੇਅਰਮੈਨ ਮੋਫਰ

01/11/2020 11:29:45 PM

ਮਾਨਸਾ,(ਮਿੱਤਲ)- ਪੰਜਾਬ ਸਰਕਾਰ ਵੱਲੋਂ ਵਿੱਢੀ ਵਿਕਾਸ ਕਾਰਜ ਮੁੰਹਿਮ ਤਹਿਤ ਆਉਂਦੇ ਸਮੇਂ ਵਿੱਚ ਜਿਲ੍ਹਾ ਮਾਨਸਾ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ, ਨਸ਼ਿਆਂ ਤੋਂ ਦੂਰ ਕਰਨ ਦੀ ਪ੍ਰੇਰਣਾ, ਪਾਰਕ ਅਤੇ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਅਤੇ ਕਸਬਿਆਂ ਵਿੱਚ ਛੋਟੇ ਖੇਡ ਜਿੰਮ ਵੀ ਸਥਾਪਿਤ ਕੀਤੇ ਜਾਣਗੇ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਤੈਅ ਕਰ ਲਈਆਂ ਗਈਆਂ ਹਨ ਅਤੇ ਆaੁਂਦੇ ਸਮੇਂ ਵਿੱਚ ਇਨ੍ਹਾਂ ਸਾਰੇ ਕਾਰਜਾਂ ਨੂੰ ਵਕਾਇਦਾ ਤੌਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾਂ ਪ੍ਰੀਸ਼ਦ ਦਾ ਨਵੇਂ ਸਿਰੇ ਤੋਂ ਗਠਨ ਅਤੇ ਸਰਕਾਰ ਨੇ ਇਸ ਵਾਸਤੇ ਵਿਸ਼ੇਸ਼ ਉਪਰਾਲੇ ਵਿੱਢੇ ਹਨ। ਮੋਫਰ ਨੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਆਪਣੀ ਸਿਹਤ ਬਣਾ ਕੇ ਰੱਖਣ ਲਈ ਮੌਕੇ ਉਪਲਬਧ ਨਹੀਂ ਹੋਣਗੇ। ਉਦੋਂ ਤੱਕ ਉਹ ਖੇਡਾਂ ਵਿੱਚ ਪਦਉੱਨਤ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਿਸੇ ਇੱਕ ਹਲਕੇ ਜਾਂ ਪਿੰਡ ਵਾਸਤੇ ਨਹੀਂ ਬਲਕਿ ਸਮੁੱਚੇ ਜਿਲ੍ਹੇ ਲਈ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਅਤੇ ਛੋਟੇ ਕਸਬਿਆਂ ਦਾ ਦੌਰਾ ਕਰਕੇ ਇਸ ਵਾਸਤੇ ਜਗ੍ਹਾ ਅਤੇ ਹੋਰ ਮੌਕੇ ਦੇਖਦੇ ਰਹਿੰਦੇ ਹਨ। ਇਸ ਦੀਆਂ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਨਾਲੋ-ਨਾਲ ਸਰਕਾਰ ਦੀ ਯੋਜਨਾ ਕਮੇਟੀ ਕੋਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਲਈ ਬਿਨ੍ਹਾਂ ਦੇਰੀ ਤੋਂ ਕੰਮ ਕਰਵਾਉਣ ਵਾਸਤੇ ਉਹ ਤਤਪਰ ਹਨ ਤੇ ਇਸ ਵਾਸਤੇ ਜ਼ਿਲ੍ਹਾ ਪ੍ਰੀਸ਼ਦ ਦੀ ਉਨ੍ਹਾਂ ਦੀ ਪੂਰੀ ਟੀਮ ਮੋਢੇ ਨਾਲ ਮੋਢਾ ਲਾ ਕੇ ਹਰ ਪਿੰਡ ਵਿੱਚ ਕੰਮ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਲੋਕਾਂ ਦੇ ਕੰਮ ਕਾਜ ਪ੍ਰਤੀ ਸੁਹਿਰਦ ਹੈ। ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਸ਼ਿਕਾਇਤ ਆਦਿ ਹੈ ਤਾਂ ਉਹ ਤੁਰੰਤ ਉਨ੍ਹਾਂ ਨੂੰ ਲਿਖਤੀ ਤੌਰ ਤੇ ਸੂਚਿਤ ਕਰ ਸਕਦਾ ਹੈ। ਇਸ ਮੌਕੇ ਮੈਂਬਰ ਜਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ ਢਿੱਲੋਂ, ਸਰਪੰਚ ਐਡਵੋਕੇਟ ਸੇਵਕ ਸਿੰਘ ਫੱਤਾ ਮਾਲੋਕਾ, ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਐਡਵੋਕੇਟ ਗੁਰਲਾਭ ਸਿੰਘ ਮਾਨਸਾ, ਕਾਂਗਰਸੀ ਆਗੂ ਸੁੱਖੀ ਭੰਮੇ, ਗੁਰਪਿਆਰ ਸਿੰਘ ਜੋੜਾ, ਪ੍ਰਧਾਨ ਜਗਮੇਲ ਸਿੰਘ, ਵਿੱਕੀ ਸਿੰਘ, ਸ਼ਰਨਜੀਤ ਸਿੰਘ, ਸਰਪੰਚ ਹਰਬੰਸ ਸਿੰਘ ਭਾਈਦੇਸਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News