ਢਾਈ ਸਾਲ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਲਗਾਏ ਵੱਡੇ ਦੋਸ਼
Friday, Apr 07, 2023 - 02:56 PM (IST)
ਸੰਗਤ ਮੰਡੀ (ਮਨਜੀਤ) : ਪਿੰਡ ਝੁੰਬਾ ਵਿਖੇ ਢਾਈ ਸਾਲ ਪਹਿਲਾਂ ਵਿਆਹੀ ਕੁੜੀ ਦੇ ਬੱਚਾ ਨਾ ਹੋਣ ਕਾਰਨ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਆਹੁਤਾ ਦੇ ਮਾਪਿਆਂ ਮੈਂਬਰਾਂ ਵੱਲੋਂ ਕੁੜੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਬੱਚਾ ਨਾ ਹੋਣ ਕਾਰਨ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੁੜੀ ਦੇ ਪਤੀ, ਸੱਸ, ਸਹੁਰਾ ਅਤੇ ਨਨਾਣ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕੁੜੀ ਦੇ ਪਿਤਾ ਸੋਹਣ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗੁਰੂਸਰ (ਸ੍ਰੀ ਮੁਕਤਸਰ ਸਾਹਿਬ) ਨੇ ਦੱਸਿਆ ਕਿ ਉਨ੍ਹਾਂ ਆਪਣੀ ਕੁੜੀ ਜਸਪ੍ਰੀਤ ਕੌਰ ਦਾ ਵਿਆਹ ਢਾਈ ਸਾਲ ਪਹਿਲਾ ਆਪਣੀ ਹੈਸੀਅਤ ਮੁਤਾਬਕ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਨੂੰ ਕਾਰ ਦੇ ਨਕਦ ਪੈਸਿਆਂ ਦੇ ਨਾਲ-ਨਾਲ ਸੋਨਾ ਵੀ ਦਿੱਤਾ ਸੀ ਪਰ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਉਨ੍ਹਾਂ ਦੀ ਕੁੜੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸੀ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਵੱਲੋਂ ਸਰੰਡਰ ਕਰਨ ਦੀਆਂ ਚਰਚਾਵਾਂ 'ਤੇ ਪੰਜਾਬ ਪੁਲਸ ਦਾ ਬਿਆਨ ਆਇਆ ਸਾਹਮਣੇ
ਉਨ੍ਹਾਂ ਦੱਸਿਆ ਕਿ ਕਈ ਵਾਰ ਲੜਾਈ-ਝਗੜੇ ਦੇ ਚੱਲਦਿਆਂ ਜਸਪ੍ਰੀਤ ਪੇਕੇ ਪਰਿਵਾਰ ਵੀ ਰਹੀ ਪਰ ਸਹੁਰਾ ਪਰਿਵਾਰ ਵੱਲੋਂ ਰਿਸ਼ਤੇਦਾਰਾਂ ਨੂੰ ਵਿਚਕਾਰ ਪਾ ਕੇ ਸਮਝੌਤਾ ਕਰ ਲਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕੁੜੀ ਦੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਜਾਂਦਾ ਹੈ ਕਿ ਜਸਪ੍ਰੀਤ ਨੂੰ ਬੇਹੋਸ਼ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਇਸ ਲਈ ਉਹ ਜਲਦੀ ਪਹੁੰਚਣ। ਇਸ ਦੌਰਾਨ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਸਾਹਮਣੇ ਲਾਸ਼ ਪਈ ਸੀ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਵੱਲੋਂ ਕੁੜੀ ਦੇ ਪਿਤਾ ਸੋਹਣ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਵਿਆਹੁਤਾ ਦੇ ਪਤੀ ਜਸਵਿੰਦਰ ਸਿੰਘ ਪੁੱਤਰ ਕੇਵਲ ਸਿੰਘ, ਸੱਸ ਬਲਜੀਤ ਕੌਰ ਪਤਨੀ ਕੇਵਲ ਸਿੰਘ, ਸਹੁਰਾ ਕੇਵਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਝੁੰਬਾ ਅਤੇ ਨਨਾਣ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮੋਹਣਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਤੋਂ ਬਾਅਦ ਹੁਣ ਨਵਾਂ ਦਾਅ ਖੇਡਣ ਦੀ ਤਿਆਰੀ 'ਚ 'ਆਪ'
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।