ਪੰਜਾਬ 'ਚ ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ : ਆਰ.ਪੀ. ਸਿੰਘ

Thursday, Feb 19, 2026 - 08:57 PM (IST)

ਪੰਜਾਬ 'ਚ ਕਾਨੂੰਨ ਵਿਵਸਥਾ ਦਾ ਨਿਕਲਿਆ ਜਨਾਜ਼ਾ : ਆਰ.ਪੀ. ਸਿੰਘ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ। ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇੱਕ ਵਿਸ਼ੇਸ਼ ਰਿਪੋਰਟ ਜਾਰੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਨੂੰਨ ਦਾ ਸ਼ਾਸਨ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਤੇ ਸੂਬਾ ਹੁਣ 'ਡਰ ਦੇ ਸਾਏ' ਹੇਠ ਚੱਲ ਰਿਹਾ ਹੈ।

ਰਿਪੋਰਟ ਅਨੁਸਾਰ ਪਿਛਲੇ 3 ਮਹੀਨਿਆਂ ਵਿੱਚ 34 ਪੁਲਸ ਮੁਕਾਬਲੇ ਹੋਏ ਹਨ। ਹੈਰਾਨੀਜਨਕ ਤੌਰ 'ਤੇ ਇਨ੍ਹਾਂ ਵਿੱਚੋਂ ਇੱਕ ਤਿਹਾਈ ਮੁਕਾਬਲੇ ਉਨ੍ਹਾਂ ਮੁਲਜ਼ਮਾਂ ਨਾਲ ਹੋਏ ਹਨ ਜੋ ਪਹਿਲਾਂ ਹੀ ਪੁਲਸ ਹਿਰਾਸਤ ਵਿੱਚ ਸਨ। ਇਨ੍ਹਾਂ ਹਿਰਾਸਤੀ ਮੁਕਾਬਲਿਆਂ ਕਾਰਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਵੀ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਹਨ। ਭਾਜਪਾ ਦਾ ਕਹਿਣਾ ਹੈ ਕਿ ਇਹ ਮੁਕਾਬਲੇ ਸਿਰਫ ਸੁਰਖੀਆਂ ਬਟੋਰਨ ਲਈ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।

 

ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਕਿਹਾ ਪੰਜਾਬ ਵਿੱਚ ਜਬਰੀ ਵਸੂਲੀ (Extortion) ਇੱਕ ਯੋਜਨਾਬੱਧ ਧੰਦਾ ਬਣ ਚੁੱਕੀ ਹੈ। ਇਸ ਦੇ ਮੁੱਖ ਨਿਸ਼ਾਨੇ 'ਤੇ ਛੋਟੇ ਕਾਰੋਬਾਰੀ, ਟਰਾਂਸਪੋਰਟਰ, ਪ੍ਰਾਪਰਟੀ ਡੀਲਰ, ਠੇਕੇਦਾਰ ਅਤੇ ਦੁਕਾਨਦਾਰ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਰ ਦੇ ਮਾਰੇ ਲੋਕ ਪੁਲਸ ਕੋਲ ਰਿਪੋਰਟ ਕਰਨ ਤੋਂ ਵੀ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਬਦਲਾ ਲਏ ਜਾਣ ਦਾ ਖੌਫ ਹੈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਕਤਲ ਕੀਤੇ ਜਾਂਦੇ ਹਨ।ਭਾਜਪਾ ਬੁਲਾਰੇ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਾ ਤਾਂ ਆਮ ਆਦਮੀ ਸੁਰੱਖਿਅਤ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਆਪਣੇ ਆਗੂ। ਜਨਤਕ ਥਾਵਾਂ, ਵਿਆਹਾਂ ਅਤੇ ਬਾਜ਼ਾਰਾਂ ਵਿੱਚ ਸ਼ਰੇਆਮ ਕਤਲ ਹੋ ਰਹੇ ਹਨ। ਪਿੰਡਾਂ ਦੇ ਸਰਪੰਚ ਅਤੇ ਸਥਾਨਕ ਨੁਮਾਇੰਦੇ ਵੀ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ।

ਆਰ.ਪੀ. ਸਿੰਘ ਨੇ ਸਵਾਲ ਉਠਾਇਆ ਕਿ ਜੇਕਰ ਪੁਲਸ ਕਾਰਵਾਈ ਇੰਨੀ ਪ੍ਰਭਾਵਸ਼ਾਲੀ ਹੈ, ਤਾਂ ਫਿਰ ਜਬਰੀ ਵਸੂਲੀ ਦੇ ਰੈਕੇਟ ਕਿਉਂ ਵਧ ਰਹੇ ਹਨ ਤੇ ਗੈਂਗਸਟਰ ਖੁੱਲ੍ਹੇਆਮ ਕਿਉਂ ਘੁੰਮ ਰਹੇ ਹਨ? ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਸੂਬੇ ਵਿੱਚ ਲੋਕ ਰਿਪੋਰਟ ਕਰਨ ਤੋਂ ਡਰਨ ਅਤੇ ਸ਼ਰੇਆਮ ਕਤਲ ਹੋਣ, ਉਸ ਨੂੰ ਸੁਰੱਖਿਅਤ ਰਾਜ ਨਹੀਂ ਕਿਹਾ ਜਾ ਸਕਦਾ।

ਵਿਸ਼ੇਸ਼ ਜਾਂਚ ਰਿਪੋਰਟ 'ਚ ਵੱਡੇ ਖੁਲਾਸੇ
ਇੱਕ ਵਿਸ਼ੇਸ਼ ਜਾਂਚ ਰਿਪੋਰਟ ਅਨੁਸਾਰ ਨਵੰਬਰ 2025 ਤੋਂ ਜਨਵਰੀ 2026 ਦੇ ਵਿਚਕਾਰ ਸਿਰਫ ਤਿੰਨ ਮਹੀਨਿਆਂ ਵਿੱਚ ਪੰਜਾਬ ਪੁਲਸ ਨੇ 34 ਮੁਕਾਬਲੇ ਦਰਜ ਕੀਤੇ ਹਨ। ਇਸ ਦਾ ਮਤਲਬ ਹੈ ਕਿ ਸੂਬੇ ਵਿੱਚ ਔਸਤਨ ਹਰ ਤੀਜੇ ਦਿਨ ਇੱਕ ਪੁਲਸ ਮੁਕਾਬਲਾ ਹੋ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਵਜੋਂ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 45 ਹੋਰ ਜ਼ਖਮੀ ਹੋਏ ਹਨ। ਇਕੱਲੇ ਜਨਵਰੀ 2026 ਦੇ ਮਹੀਨੇ ਵਿੱਚ ਹੀ 15 ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਅੰਕੜਿਆਂ ਅਨੁਸਾਰ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਗੈਂਗਸਟਰਾਂ ਨਾਲ ਕੁੱਲ 324 ਮੁਕਾਬਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 24 ਮੌਤਾਂ ਅਤੇ 515 ਗ੍ਰਿਫਤਾਰੀਆਂ ਹੋਈਆਂ ਹਨ।

ਹਿਰਾਸਤ ਵਿੱਚ ਮੁਕਾਬਲਿਆਂ ਦਾ ਵਧਦਾ ਰੁਝਾਨ
ਰਿਪੋਰਟ ਵਿੱਚ ਸਭ ਤੋਂ ਹੈਰਾਨੀਜਨਕ ਤੱਥ ਇਹ ਸਾਹਮਣੇ ਆਇਆ ਹੈ ਕਿ ਇੱਕ ਤਿਹਾਈ ਤੋਂ ਵੱਧ ਮੁਕਾਬਲੇ ਉਦੋਂ ਹੋਏ ਜਦੋਂ ਮੁਲਜ਼ਮ ਪਹਿਲਾਂ ਹੀ ਪੁਲਸ ਹਿਰਾਸਤ ਵਿੱਚ ਸਨ। ਜ਼ਿਆਦਾਤਰ ਮਾਮਲਿਆਂ ਵਿੱਚ ਪੁਲਸ ਦਾ ਇੱਕੋ ਜਿਹਾ ਦਾਅਵਾ ਹੁੰਦਾ ਹੈ ਕਿ ਜਦੋਂ ਮੁਲਜ਼ਮ ਨੂੰ 'ਹਥਿਆਰ ਬਰਾਮਦਗੀ' (Recovery) ਲਈ ਲਿਜਾਇਆ ਗਿਆ, ਤਾਂ ਉਸ ਨੇ ਲੁਕਾਇਆ ਹੋਇਆ ਹਥਿਆਰ ਕੱਢ ਕੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਜਾਂ ਮਾਰਿਆ ਗਿਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਇਨ੍ਹਾਂ 'ਗੈਰ-ਨਿਆਇਕ ਹੱਤਿਆਵਾਂ' ਦੇ ਦੋਸ਼ਾਂ 'ਤੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਰਿਪੋਰਟ ਮੰਗੀ ਸੀ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਸੂਬਾ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਮੈਜਿਸਟ੍ਰੇਟ ਜਾਂਚ ਹੋਣੀ ਲਾਜ਼ਮੀ ਹੈ, ਪਰ ਪੰਜਾਬ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਅੰਮ੍ਰਿਤਸਰ ਅਤੇ ਲੁਧਿਆਣਾ ਮੁੱਖ ਕੇਂਦਰ
ਇਹ ਮੁਕਾਬਲੇ ਪੂਰੇ ਪੰਜਾਬ ਵਿੱਚ ਫੈਲੇ ਹੋਏ ਹਨ ਪਰ ਸਭ ਤੋਂ ਵੱਧ 9 ਮੁਕਾਬਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਏ ਹਨ। ਇਸ ਤੋਂ ਬਾਅਦ ਲੁਧਿਆਣਾ ਵਿੱਚ 5 ਮੁਕਾਬਲੇ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਉਹ ਸਿਰਫ਼ 'ਆਤਮ-ਰੱਖਿਆ' ਵਿੱਚ ਗੋਲੀ ਚਲਾਉਂਦੇ ਹਨ ਅਤੇ ਜ਼ਿਆਦਾਤਰ ਮੁਲਜ਼ਮਾਂ ਦੇ ਪੈਰਾਂ ਜਾਂ ਲੱਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News