ਸਾਇਬਰ ਠੱਗਾਂ ਦਾ ਕਾਰਾ, ਸ਼ਹਿਰ ਦੇ ਕੌਂਸਲਰ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਠੱਗੇ 32 ਹਜ਼ਾਰ ਰੁਪਏ

10/15/2022 3:58:06 PM

ਭਵਾਨੀਗੜ੍ਹ (ਵਿਕਾਸ) - ਸਾਇਬਰ ਠੱਗਾਂ ਵਲੋਂ ਸ਼ਹਿਰ ਦੇ ਮੌਜੂਦਾ ਨਗਰ ਕੌਂਸਲਰ ਸੰਜੀਵ ਉਰਫ ਸੰਜੂ ਵਰਮਾ ਨੂੰ ਆਪਣੇ ਝਾਂਸੇ 'ਚ ਲੈ ਕੇ 32 ਹਜ਼ਾਰ ਰੁਪਏ ਨੇ ਠੱਗ ਲੈਣ ਦੀ ਸੂਚਨਾ ਮਿਲੀ ਹੈ। 32 ਹਜ਼ਾਰ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਸਾਇਬਰ ਠੱਗ ਲਗਾਤਾਰ ਫੋਨ ਕਾਲ ਤੇ ਮੈਸੇਜ ਭੇਜ ਕੇ ਕੌਂਸਲਰ ਨੂੰ ਬਲੈਕਮੇਲ ਕਰ ਰਹੇ ਹਨ ਅਤੇ ਹੋਰ ਪੈਸਿਆਂ ਦੀ ਮੰਗ ਰਹੇ ਹਨ। 

ਸੰਯੁਕਤ ਪ੍ਰੈੱਸ ਕਲੱਬ ਵਿਖੇ ਸੰਜੂ ਵਰਮਾ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ 22-23 ਸਤੰਬਰ ਨੂੰ ਉਸਨੇ ਆਪਣੀ ਫੇਸਬੁੱਕ 'ਤੇ ਸ਼ੋਅ ਹੋ ਰਹੇ ਇੱਕ ਲਿੰਕ 'ਤੇ ਕਲਿਕ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਤੁਸੀ ਆਪਣਾ ਸਿਬਿਲ ਸਕੋਰ ਚੈੱਕ ਕਰ ਸਕਦੇ ਹੋ। ਸਾਇਡ ਖੁੱਲ੍ਹਣ 'ਤੇ ਉਸ ਨੇ ਮੇਰਾ ਪੈਨ ਕਾਰਡ ਅਤੇ ਫਿਰ ਆਧਾਰ ਕਾਰਡ ਨੰਬਰ ਮੰਗਿਆ, ਜਿਸ ਰਾਹੀਂ ਮੈਨੂੰ ਸਾਰੀ ਜਾਣਕਾਰੀ ਮੁਹੱਈਆ ਹੋਈ। ਕੌਂਸਲਰ ਨੇ ਕਿਹਾ ਕਿ ਹਫ਼ਤੇ ਬਾਅਦ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਾਲ ਆਈ ਕਿ ਤੁਸੀਂ 7 ਹਜ਼ਾਰ ਰੁਪਏ ਜਿੱਤ ਚੁੱਕੇ ਹੋ, ਇਸ ਲਈ ਤੁਸੀਂ ਆਪਣਾ ਬੈਂਕ ਖਾਤਾ ਨੰਬਰ ਦਿਓ।

ਸੰਜੂ ਮੁਤਾਬਕ ਖਾਤਾ ਨੰਬਰ ਦੇਣ 'ਤੇ ਆਨਲਾਇਨ ਉਸਦੀ ਫੋਟੋ ਵੀ ਖਿੱਚ ਲਈ ਗਈ ਅਤੇ ਉਸੇ ਦਿਨ ਉਸਦੇ ਖਾਤੇ ਵਿੱਚ 7 ਹਜ਼ਾਰ ਰੁਪਏ ਆ ਗਏ। ਅਗਲੇ ਤਿੰਨ ਦਿਨਾਂ ਬਾਅਦ 7 ਹਜ਼ਾਰ ਰੁਪਏ ਦੀ ਰਾਸ਼ੀ ਦੁਬਾਰਾ ਉਸਦੇ ਖਾਤੇ 'ਚ ਜਮਾਂ ਹੋ ਗਈ। 4 ਅਕਤੂਬਰ ਨੂੰ ਮੁੜ ਮੈਨੂੰ ਫੋਨ ਆਇਆ ਕਿ 1760 ਰੁਪਏ ਦੀ ਜਿਹੜੀ ਰਾਸ਼ੀ ਤੁਸੀ ਜਿੱਤੀ ਹੈ, ਉਸਦੇ ਬਦਲੇ ਤੁਹਾਨੂੰ 3200 ਰੁਪਏ ਮੋੜਨੇ ਪੈਣਗੇ। ਸੰਜੂ ਨੇ ਹੈਰਾਨ ਹੁੰਦਿਆਂ ਪੁੱਛਿਆ ਤਾਂ ਕਾਲ ਕਰਨ ਵਾਲੇ ਵਿਅਕਤੀ ਨੇ ਡਰਾਵਾ ਦਿੱਤਾ ਕਿ ਪੈਸੇ ਨਾ ਦੇਣ 'ਤੇ ਉਸਦੀ ਫੋਟੋ ਤੇ ਹੋਰ ਜਾਣਕਾਰੀ ਗਲਤ ਢੰਗ ਨਾਲ ਉਹ ਵਾਇਰਲ ਕਰਕੇ ਉਸਨੂੰ ਬਦਨਾਮ ਕਰ ਦੇਣਗੇ। ਕੌਂਸਲਰ ਨੇ ਕਿਹਾ ਕਿ ਮੈਂ ਘਬਰਾ ਕੇ 3200 ਰੁਪਏ ਉਨ੍ਹਾਂ ਦੇ ਦੱਸੇ ਖਾਤੇ 'ਚ ਟਰਾਂਸਫਰ ਕਰ ਦਿੱਤੇ। 

ਸੰਜੂ ਵਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ 7 ਅਕਤੂਬਰ ਨੂੰ 7 ਹਜ਼ਾਰ ਪਾ ਕੇ ਉਸ ਕੋਲੋਂ 12 ਹਜ਼ਾਰ 812 ਭਰਵਾ ਲਏ। ਉਸੇ ਦਿਨ ਠੱਗਾਂ ਨੇ ਸ਼ਾਮ ਨੂੰ ਉਸਦੇ ਖਾਤੇ 'ਚ 10 ਹਜ਼ਾਰ ਰੁਪਏ ਪਾ ਦਿੱਤੇ ਤੇ ਅਗਲੇ ਦਿਨ ਉਸ ਨੂੰ 18 ਹਜ਼ਾਰ ਰੁਪਏ ਮੋੜਨ ਲਈ ਫੋਨ ਕਰਨੇ ਸ਼ੁਰੂ ਕਰ ਦਿੱਤੇ। ਸੰਜੂ ਨੇ ਦੱਸਿਆ ਕਿ ਸ਼ਾਤਿਰ ਠੱਗ ਲਗਾਤਾਰ ਉਸਨੂੰ ਫੋਨ ਕਾਲ ਕਰਕੇ ਭੱਦੀ ਸ਼ਬਦਾਵਲੀ ਬੋਲ ਰਹੇ ਹਨ ਤੇ ਉਸਦਾ ਡਾਟਾ ਲੀਕ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰ ਰਹੇ ਹਨ। ਠੱਗਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਕੌਂਸਲਰ ਨੇ ਸੋਸ਼ਲ ਮੀਡੀਆ ਚਲਾਉਣ ਵਾਲੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਜਾਣਕਾਰੀ ਦੇ ਕਿਸੇ ਅਣਜਾਣ ਲਿੰਕ 'ਤੇ ਨਾ ਜਾਣ ਨਹੀਂ ਤਾਂ ਉਨ੍ਹਾਂ ਨੂੰ ਵੀ ਇਸਦਾ ਖਾਮਿਆਜਾ ਭੁਗਤਨਾ ਪੈ ਸਕਦਾ ਹੈ।
 


rajwinder kaur

Content Editor

Related News