ਸਾਈਬਰ ਠੱਗਾਂ ਨੇ ਸੀ. ਬੀ. ਆਈ. ਅਧਿਕਾਰੀ ਬਣ ਕੇ ਰਿਟਾਇਰਡ ਲੈਫਟੀਨੈਂਟ ਕਰਨਲ ਤੋਂ ਠੱਗੇ 35 ਲੱਖ
Saturday, Jan 11, 2025 - 07:02 AM (IST)
ਲੁਧਿਆਣਾ (ਰਾਜ) : ਸਾਈਬਰ ਕ੍ਰਾਈਮ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਹਾਲਾਂਕਿ ਪੁਲਸ ਸਮੇਂ-ਸਮੇਂ ’ਤੇ ਕੈਂਪ ਲਗਾ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਫਿਰ ਵੀ ਡਰ ਜਾਂ ਲਾਲਚ ਕਾਰਨ ਲੋਕ ਠੱਗਾਂ ਦੇ ਝਾਂਸੇ ’ਚ ਆ ਹੀ ਜਾਂਦੇ ਹਨ। ਇਸ ਤਰ੍ਹਾਂ ਦੇ ਇਕ ਮਾਮਲੇ ’ਚ ਰਿਟਾਇਰਡ ਲੈਫਟੀਨੈਂਟ ਕਰਨਲ ਨੂੰ ਸਾਈਬਰ ਠੱਗਾਂ ਨੇ ਸ਼ਿਕਾਰ ਬਣਾ ਲਿਆ।
ਜਾਣਕਾਰੀ ਮੁਤਾਬਕ, ਸੀ. ਬੀ. ਆਈ. ਅਧਿਕਾਰੀ ਬਣ ਕੇ ਠੱਗਾਂ ਨੇ ਪਹਿਲਾਂ ਮਨੀ ਲਾਂਡਰਿੰਗ ਕੇਸ ਦਾ ਡਰ ਦਿਖਾਇਆ, ਫਿਰ ਡਿਜੀਟਲ ਅਰੈਸਟ ਦਾ ਝਾਂਸਾ ਦੇ ਕੇ 35.30 ਲੱਖ ਰੁਪਏ ਟ੍ਰਾਂਸਫਰ ਕਰਵਾ ਲਏ। ਪੈਸੇ ਦੇਣ ਤੋਂ ਬਾਅਦ ਰਿਟਾਇਰਡ ਅਧਿਕਾਰੀ ਨੂੰ ਪਤਾ ਲੱਗਿਆ ਕਿ ਉਹ ਠੱਗਿਆ ਜਾ ਚੁੱਕਾ ਹੈ ਜਿਸ ਤੋਂ ਬਾਅਦ ਉਸ ਨੇ ਇਸ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਫਿਰ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਰਿਟਾਇਰਡ ਲੈਫਟੀਨੈਂਟ ਕਰਨਲ ਪਰਉਪਕਾਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਹੁਣ ਮਾਈਨਸ 60 ਡਿਗਰੀ 'ਚ ਵੀ ਦੇਸ਼ ਦੀ ਰੱਖਿਆ ਕਰ ਸਕਣਗੇ ਜਵਾਨ, DRDO ਨੇ ਤਿਆਰ ਕੀਤਾ 'ਹਿਮ ਕਵਚ'
ਪੁਲਸ ਸ਼ਿਕਾਇਤ ’ਚ ਪਰਉਪਕਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਸੀ। ਫੋਨ ਕਰਨ ਵਾਲਾ ਆਪਣੇ ਆਪ ਨੂੰ ਸੀ. ਬੀ. ਆਈ. ਦਾ ਅਧਿਕਾਰੀ ਦੱਸ ਰਿਹਾ ਸੀ। ਉਸ ਨੇ ਕਿਹਾ ਕਿ ਇਕ ਪ੍ਰਾਈਵੇਟ ਏਅਰਲਾਈਨ ਨਾਲ ਜੁੜੇ ਮਨੀ ਲਾਂਡਰਿੰਗ ਲਈ ਮੁੰਬਈ ਸਥਿਤ ਬੈਂਕ ਖਾਤੇ ਦੀ ਵਰਤੋਂ ਹੋਈ ਹੈ, ਜਿਸ ’ਚ ਉਸ ਦੇ ਪਰੂਫ ਵਰਤੇ ਗਏ ਹਨ। ਇਸ ਲਈ ਉਸ ’ਤੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੇ ਉਸ ਨੂੰ ਫਰਜ਼ੀ ਵਾਰੰਟ ਭੇਜੇ ਅਤੇ ਕਿਸੇ ਨੂੰ ਵੀ ਮਾਮਲੇ ਦਾ ਖੁਲਾਸਾ ਨਾ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਉਸ ਨੂੰ ਵੀਡੀਓ ਕਾਲ ਕਰ ਕੇ ਧਮਕਾਇਆ ਵੀ ਅਤੇ ਇਸ ਤਰ੍ਹਾਂ ਜਤਾਇਆ ਕਿ ਉਹ ਸੀ. ਬੀ. ਆਈ. ਦਫਤਰ ’ਚ ਬੈਠੇ ਹਨ। ਮੁਲਜ਼ਮਾਂ ਨੇ ਕਿਹਾ ਕਿ ਉਹ ਡਿਜੀਟਲ ਅਰੈਸਟ ਕਰਨਗੇ ਅਤੇ ਉਸ ਲਈ ਪੈਸੇ ਟ੍ਰਾਂਸਫਰ ਕਰਨੇ ਹੋਣਗੇ। ਠੱਗਾਂ ਨੇ ਕਿਹਾ ਕਿ ਉਨ੍ਹਾਂ ਦੇ ਲੈਣ-ਦੇਣ ਦੀ ਫਾਰੈਂਸਿਕ ਜਾਂਚ ਦੀ ਲੋੜ ਹੈ ਅਤੇ 72 ਘੰਟਿਆਂ ਅੰਦਰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾਦੇਹੀ ਹੋਈ ਹੈ ਤਾਂ ਉਨ੍ਹਾਂ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਆਸਾਰਾਮ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਗਵਾਹ ਦੀ ਹੱਤਿਆ 'ਚ ਸ਼ਾਮਲ ਸ਼ੂਟਰ ਗੁਜਰਾਤ ਪੁਲਸ ਨੇ ਨੱਪਿਆ
ਉਧਰ, ਇੰਸਪੈਕਟਰ ਜਤਿੰਦਰ ਸਿੰਘ, ਐੱਸ. ਐੱਚ. ਓ. ਥਾਣਾ ਸਾਈਬਰ ਕ੍ਰਾਈਮ ਨੇ ਦੱਸਿਆ ਕਿ ਇਸ ਮਾਮਲੇ ’ਚ ਸ਼ਿਕਾਇਤ ਮਿਲਣ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਅਤੇ ਜਿਨ੍ਹਾਂ-ਜਿਨ੍ਹਾਂ ਬੈਂਕ ਖਾਤਿਆਂ ’ਚ ਪੈਸੇ ਟ੍ਰਾਂਸਫਰ ਕੀਤੇ ਗਏ ਸਨ, ਉਨ੍ਹਾਂ ਬੈਂਕ ਖਾਤਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8