ਹਲਕਾ ਇੰਚਾਰਜ ਬੀਬੀ ਬਿੱਟੀ ''ਤੇ ਆਪਣੀ ਪੰਚਾਇਤ ਨੇ ਹੀ ਲਾਏ ਪੱਖਪਾਤ ਦੇ ਦੋਸ਼

02/23/2019 10:36:42 PM

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ) : ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ, ਜੋ ਕਿ ਪਿੰਡ ਕੂੰਮਕਲਾਂ ਦੀ ਨੂੰਹ ਵੀ ਹੈ, 'ਤੇ ਉਥੋਂ ਦੀ ਹੀ ਪੰਚਾਇਤ ਨੇ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਹੋਏ ਪਿੰਡ ਦੇ ਵਿਕਾਸ ਲਈ ਉਸ ਵਲੋਂ ਸਰਕਾਰ ਰਾਹੀਂ ਭੇਜਿਆ 1 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਰੋਸ ਵਜੋਂ ਵਾਪਸ ਭੇਜ ਦਿੱਤਾ। ਪਿੰਡ ਕੂੰਮਕਲਾਂ ਦੇ ਨਿਵਾਸੀ ਕੁਲਰਾਜ ਸਿੰਘ ਗਰੇਵਾਲ ਦੀ ਪਤਨੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਲਕੇ ਤੋਂ ਚੋਣ ਲੜੀ ਸੀ ਅਤੇ ਹੁਣ ਉਸ ਵਲੋਂ ਹਲਕੇ ਦਾ ਵਿਕਾਸ ਕਰਵਾਉਣ ਤੇ ਗ੍ਰਾਂਟਾਂ ਵੰਡਣ ਦੀ ਜ਼ਿੰਮੇਵਾਰੀ ਵੀ ਨਿਭਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਬੀਬੀ ਸਤਵਿੰਦਰ ਕੌਰ ਬਿੱਟੀ ਵਲੋਂ 2 ਦਿਨ ਪਹਿਲਾਂ ਹੀ ਹਲਕਾ ਸਾਹਨੇਵਾਲ ਦੇ 160 ਪਿੰਡਾਂ 'ਚੋਂ 116 ਪਿੰਡਾਂ ਦੇ ਵਿਕਾਸ ਲਈ 1.50 ਕਰੋੜ ਦੀ ਰਾਸ਼ੀ ਦੇ ਚੈੱਕ ਵੰਡੇ ਗਏ, ਜਿਨ੍ਹਾਂ ਦੀ ਪਹਿਲੀ ਅੱਧੀ ਕਿਸ਼ਤ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ, ਜਿਸ ਤਹਿਤ ਆਪਣੇ ਹੀ ਸਹੁਰੇ ਪਿੰਡ ਦੇ ਵਿਕਾਸ ਲਈ ਉਸ ਨੇ ਜਦੋਂ 1 ਲੱਖ ਦੀ ਗ੍ਰਾਂਟ ਦਾ ਚੈੱਕ ਪੰਚਾਇਤ ਨੂੰ ਭੇਜਿਆ ਤਾਂ ਵਿਵਾਦ ਖੜ੍ਹਾ ਹੋ ਗਿਆ। ਪਿੰਡ ਦੀ ਸਰਪੰਚ ਮਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਕਿਹਾ ਕਿ ਪਿੰਡ ਕੂੰਮਕਲਾਂ ਦੇ ਲੋਕਾਂ ਨੇ ਉਨ੍ਹਾਂ ਨੂੰ 630 ਵੋਟਾਂ ਨਾਲ ਜਿਤਾ ਕੇ ਚੁਣਿਆ ਹੈ ਅਤੇ ਸਾਰੇ 9 ਪੰਚ ਵੀ ਕਾਂਗਰਸੀ ਪੱਖੀ ਚੁਣੇ ਹਨ। ਜਿਸ ਕਾਰਨ ਇਹ ਸਾਰੀ ਪੰਚਾਇਤ ਕਾਂਗਰਸ ਸਮਰਥਕ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਆਸ ਸੀ ਕਿ ਕਾਂਗਰਸ ਪਾਰਟੀ ਵਲੋਂ ਨੁਮਾਇੰਦਗੀ ਕਰ ਰਹੀ ਉਨ੍ਹਾਂ ਦੇ ਪਿੰਡ ਦੀ ਨੂੰਹ ਵਿਕਾਸ ਕਾਰਜਾਂ ਲਈ ਖੁੱਲ੍ਹੇ ਗੱਫੇ ਦੇਵੇਗੀ ਪਰ 1 ਲੱਖ ਰੁਪਏ ਦਾ ਚੈੱਕ ਨਿਕਲਣ ਨਾਲ ਜਿੱਥੇ ਸਾਰੀ ਪੰਚਾਇਤ ਹੈਰਾਨ ਹੈ, ਉਥੇ ਹੀ ਪਿੰਡ ਵਾਸੀਆਂ ਨੂੰ ਆਪਣੇ ਨਾਲ ਇਹ ਕੋਝਾ ਮਜ਼ਾਕ ਲੱਗ ਰਿਹਾ ਹੈ। ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਗ੍ਰਾਂਟ ਦੇਣ ਦੇ ਦਾਅਵੇ ਵੀ ਝੂਠੇ ਨਿਕਲੇ ਹਨ ਕਿਉਂਕਿ ਗ੍ਰਾਂਟ ਦੇਣ ਲੱਗਿਆਂ ਉਨ੍ਹਾਂ ਦੇ ਪਿੰਡ ਨਾਲ ਪੂਰੀ ਤਰ੍ਹਾਂ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੂੰਮਕਲਾਂ ਦੀ ਆਬਾਦੀ 2000 ਹੈ, ਜਦਕਿ ਉਸ ਤੋਂ ਘੱਟ ਆਬਾਦੀ ਵਾਲੇ ਪਿੰਡਾਂ, ਜਿਨ੍ਹਾਂ ਨੂੰ ਵੱਡੀ ਗ੍ਰਾਂਟ ਦਿੱਤੀ ਹੈ, ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਪਿੰਡ ਦੀ ਨੂੰਹ ਹੀ ਸਾਡੇ ਨਾਲ ਪੱਖਪਾਤ ਕਰ ਰਹੀ ਹੈ। ਸਰਪੰਚ ਤੇ ਉਸਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਲੱਖ ਰੁਪਏ ਦਾ ਚੈੱਕ, ਜੋ ਕਿ ਸਾਰੇ ਪਿੰਡ ਨਾਲ ਕੋਝਾ ਮਜ਼ਾਕ ਹੈ, ਬੀਬੀ ਬਿੱਟੀ ਨੂੰ ਹੀ ਵਾਪਸ ਭੇਜ ਦਿੱਤਾ ਹੈ। 

ਕੀ ਕਹਿਣਾ ਹੈ ਬੀਬੀ ਬਿੱਟੀ ਦਾ
ਜਦੋਂ ਇਸ ਸਬੰਧੀ ਬੀਬੀ ਸਤਵਿੰਦਰ ਕੌਰ ਬਿੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਸਾਹਨੇਵਾਲ ਦੇ ਪਿੰਡਾਂ ਦੇ ਵਿਕਾਸ ਲਈ ਪਹਿਲੀ ਕਿਸ਼ਤ ਭੇਜੀ ਗਈ ਹੈ ਅਤੇ ਉਨ੍ਹਾਂ ਵਲੋਂ ਕੋਸ਼ਿਸ਼ ਕੀਤੀ ਗਈ ਕਿ ਬਿਨਾਂ ਕਿਸੇ ਭੇਦਭਾਵ ਤੇ ਪੱਖਪਾਤ ਤੋਂ ਸਾਰੀਆਂ ਪੰਚਾਇਤਾਂ ਨੂੰ ਇਹ ਵਿਕਾਸ ਕਾਰਜਾਂ ਲਈ ਪੈਸੇ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਅਜੇ ਸਿਰਫ਼ 160 ਪਿੰਡਾਂ 'ਚੋਂ 116 ਨੂੰ ਹੀ ਗ੍ਰਾਂਟਾਂ ਦੇ ਚੈੱਕ ਦਿੱਤੇ ਹਨ, ਜਦਕਿ ਬਾਕੀ ਪਿੰਡਾਂ ਨੂੰ ਸਰਕਾਰ ਵਲੋਂ ਆਈ ਅਗਲੀ ਕਿਸ਼ਤ ਵਿਚ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੂੰਮਕਲਾਂ ਪਿੰਡ ਨੂੰ 2 ਲੱਖ ਦੀ ਗ੍ਰਾਂਟ ਮਿਲੀ ਹੈ, ਜਿਸ ਦੀ ਪਹਿਲੀ ਅੱਧੀ ਕਿਸ਼ਤ 1 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਜਦਕਿ ਕੁਝ ਹੀ ਦਿਨਾਂ ਬਾਅਦ 33ਵੇਂ ਵਿੱਤ ਕਮਿਸ਼ਨ ਤਹਿਤ 4 ਲੱਖ ਦੀ ਗ੍ਰਾਂਟ ਇਸ ਪਿੰਡ ਲਈ ਹੋਰ ਜਾਰੀ ਹੋਣ ਵਾਲੀ ਹੈ। ਬੀਬੀ ਬਿੱਟੀ ਨੇ ਕਿਹਾ ਕਿ ਸਰਪੰਚ ਵਲੋਂ ਜੋ ਪੱਖਪਾਤ ਦੇ ਦੋਸ਼ ਲਗਾਏ ਹਨ ਉਹ ਬਿਲਕੁਲ ਬੇਬੁਨਿਆਦ ਹਨ, ਕੇਵਲ ਕੁਝ ਲੋਕ ਪਿੱਠ ਪਿੱਛੇ ਕੋਝੀ ਸਿਆਸਤ ਕਰ ਰਹੇ ਹਨ।


Deepak Kumar

Content Editor

Related News