ਸੀ.ਆਈ.ਏ ਪੁਲਸ ਦੀ ਵੱਡੀ ਰੇਡ, 1 ਲੱਖ 37 ਹਜ਼ਾਰ ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ
Saturday, Feb 19, 2022 - 03:07 PM (IST)
ਫਿਰੋਜ਼ਪੁਰ (ਕੁਮਾਰ): ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਐੱਚ.ਸੀ ਅਮਨਦੀਪ ਸਿੰਘ ਦੀ ਅਗਵਾਈ ਵਿਚ ਸਤਲੁਜ ਦਰਿਆ ਦੇ ਏਰੀਆ ਪਿੰਡ ਅਲੀਕੇ ਵਿਖੇ ਛਾਪੇਮਾਰੀ ਕਰਕੇ 1 ਲੱਖ 37 ਹਜ਼ਾਰ ਲੀਟਰ ਲਾਹਣ ਅਤੇ ਤਰਪਾਲੇ ਅਤੇ ਪਿੰਡ ਸੈਦੇ ਕੇ ਵਿੱਚ ਛਾਪਾਮਾਰੀ ਕਰਦੇ ਹੋਏ ਐਚ.ਸੀ ਰਣਜੀਤ ਸਿੰਘ ਦੀ ਅਗਵਾਈ ’ਚ 600 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਆਈ.ਏ ਸਟਾਫ਼ ਦੀ ਪੁਲਸ ਜਦੋਂ ਐੱਚ.ਸੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੱਕਾ ਸਿੰਘ ਅਤੇ ਬੱਲਾ ਪੁੱਤਰ ਦਰਸ਼ਨਾਂ ਨੂੰ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਸਮੇਂ ਸਤਲੁਜ ਦਰਿਆ ਦੇ ਇਲਾਕਾ ਪਿੰਡ ਅਲੀਕੇ ਵਿੱਚ ਤਰਪਾਲਾਂ ਵਿੱਚ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਕੱਢ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਰੇਡ ਕਰਕੇ 1 ਲੱਖ 37 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ, ਜਦਕਿ ਦੋਵੇਂ ਨਾਮਜ਼ਦ ਵਿਅਕਤੀ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਦੋਸ਼ ਭਰੋਸੇ ਯੋਗ ਤਾਂ ਮੈਨੂੰ ਗ੍ਰਿਫਤਾਰ ਕਰੋ : ਕੇਜਰੀਵਾਲ
ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਐਚ.ਸੀ ਰਣਜੀਤ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਮੱਖਣ ਸਿੰਘ ਅਤੇ ਲੱਡੂ ਪਿੰਡ ਸੈਦੇਕੇ ਦੇ ਏਰੀਏ ਵਿਚ ਨਾਜਾਇਜ਼ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ ਅਤੇ ਜਦੋਂ ਪੁਲਿਸ ਵੱਲੋਂ ਦੱਸੀ ਜਗ੍ਹਾ ’ਤੇ ਰੇਡ ਕੀਤਾ ਗਿਆ ਤਾਂ ਉੱਥੋਂ ਟਿਊਬਾਂ ਵਿੱਚ 60 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ਅਤੇ ਨਾਮਜ਼ਦ ਵਿਅਕਤੀ ਪੁਲਸ ਨੂੰ ਦੇਖ ਕੇ ਫ਼ਰਾਰ ਹੋ ਗਏ। ਇਸ ਬਰਾਮਦਗੀ ਸਬੰਧੀ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਿਖੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?