ਫਿਰੋਜ਼ਪੁਰ ਸੀ.ਆਈ.ਏ. ਨੇ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ 6 ਮੋਬਾਇਲ ਫੋਨ ਕੀਤੇ ਬਰਾਮਦ

07/30/2021 12:42:28 PM

ਫਿਰੋਜ਼ਪੁਰ (ਕੁਮਾਰ): ਲੋਕਾਂ ਦੇ ਮੋਬਾਇਲ ਫੋਨ, ਗਲੇ ਵਿਚ ਪਹਿਨੀਆਂ ਸੋਨੇ ਦੀਆਂ ਚੇਨੀਆਂ ਅਤੇ ਪਰਸ ਆਦਿ ਖੋਹਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਸੀ.ਆਈ.ਏ. ਫਿਰੋਜ਼ਪੁਰ ਦੀ ਪੁਲਸ ਨੇ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਗਿਰੋਹ ਦੇ 2 ਮੈਂਬਰਾਂ ਤੋਂ ਪੁਲਸ ਨੇ 6 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਸਾਗਰ ਉਰਫ਼ ਰਾਹੁਲ ਪੁੱਤਰ ਸੂਬਾ ਸਿੰਘ, ਗੌਤਮ ਉਰਫ ਜਾੱਨਸਨ ਪੁੱਤਰ ਜਾਰਜ ਵਾਸੀ ਗੁਰੂਹਰਸਹਾਏ ਤੇ ਰਮਨ ਉਰਫ ਰਮਨੀ ਵਾਸੀ ਹੀਰਾ ਨਗਰ ਫਿਰੋਜ਼ਪੁਰ ਸ਼ਹਿਰ ਮੌਕਾ ਪਾ ਕੇ ਆਉਂਦੇ ਜਾਂਦੇ ਲੋਕਾਂ ਤੋਂ ਮੋਬਾਇਲ ਫੋਨ, ਗਲੇ ਵਿਚ ਪਹਿਨੀਆਂ ਸੋਨੇ ਦੀਆਂ ਚੇਨੀਆਂ ਤੇ ਪਰਸ ਆਦਿ ਖੋਂਹਦੇ ਹਨ, ਜੋ ਖੋਹਿਆ ਹੋਇਆ ਸਾਮਾਨ ਅੱਗੇ ਵੇਚ ਦਿੰਦੇ ਹਨ ਤੇ ਇਹ ਤਿੰਨੋ ਦਾਣਾ ਮੰਡੀ ਸ਼ਹਿਰ ਦੇ ਏਰੀਆ ਵਿਚ ਲੁੱਟ ਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਪੁਲਸ ਵੱਲੋਂ ਰੇਡ ਕਰਕੇ ਸਾਗਰ ਉਰਫ ਰਾਹੁਲ ਅਤੇ ਗੌਤਮ ਉਰਫ ਜਾੱਨਸਨ ਨੂੰ ਕਾਬੂ ਕਰਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਲੋਕਾਂ ਤੋਂ ਖੋਹੇ ਵੱਖ-ਵੱਖ ਕੰਪਨੀਆਂ ਦੇ 6 ਮੋਬਾਇਲ ਫੋਨ ਬਰਾਮਦ ਹੋਏ, ਜਦਕਿ ਉਨ੍ਹਾਂ ਦਾ ਤੀਸਰਾ ਸਾਥੀ ਰਮਨ ਉਰਫ ਰਮਨੀ ਉਥੋਂ ਫਰਾਰ ਹੋ ਗਿਆ। ਫੜ੍ਹੇ ਗਏ ਗਿਰੋਹ ਦੇ ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। 


Shyna

Content Editor

Related News