ਕਾਰ ਸਵਾਰ ਨੂੰ ਬੰਧਕ ਬਣਾਉਣ ਵਾਲੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ, 1 ਗ੍ਰਿਫ਼ਤਾਰ

Sunday, Mar 31, 2024 - 02:50 PM (IST)

ਕਾਰ ਸਵਾਰ ਨੂੰ ਬੰਧਕ ਬਣਾਉਣ ਵਾਲੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ, 1 ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਸਦਰ ਪੁਲਸ ਨੇ ਇਕ ਕਾਰ ਸਵਾਰ ਨੂੰ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਕਰਨ, ਉਸ ਦੀ ਦਸਤਾਰ ਲਾਹ ਕੇ ਕਰੀਬ 25 ਹਜ਼ਾਰ ਰੁਪਏ ਲੁੱਟਣ ਵਾਲੇ ਮੁਸਲਿਮ ਭਾਈਚਾਰੇ ਦੇ 6 ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਤਿਲਕ ਰਾਜ ਨੇ ਦੱਸਿਆ ਕਿ ਪੀੜਤ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹੇਮਰਾਜਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਕਾਰ ਨੰਬਰ ਪੀਬੀ06 ਏ.ਜੈੱਡ 0521 ਤੇ ਪਿੰਡ ਕਾਲਾ ਨੰਗਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਰਘੁਬੀਰ ਸਿੰਘ ਵਾਸੀ ਹੇਮਰਾਜਪੁਰ ਦੀ ਜ਼ਮੀਨ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਇਕ ਰੇਹੜੇ ਨੂੰ ਆਉਂਦਾ ਦੇਖ ਉਸ ਨੇ ਆਪਣੀ ਕਾਰ ਇਕ ਸਾਈਡ ਵਾਲੀ ਸੜਕ ਤੇ ਰੋਕ ਲਈ, ਪਰ ਦੋਸ਼ੀ ਮੱਖਣ ਨੇ ਸ਼ਿਕਾਇਤਕਰਤਾ ਦੀ ਕਾਰ ਨੂੰ ਆਪਣੇ ਰੇਹੜੇ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੱਖਣ ਨੇ ਕਿਹਾ ਕਿ ਤੁਸੀਂ ਸਾਡੇ ਡੇਰੇ ’ਚ ਆ ਜਾਓ ਅਸੀਂ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਦੇਵਾਂਗੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸ਼ਿਕਾਇਤਕਰਤਾ ਸਤਨਾਮ ਸਿੰਘ ਮੁਲਜ਼ਮਾਂ ਦੇ ਡੇਰੇ ’ਤੇ ਪੁੱਜਿਆ ਤਾਂ ਮੁਲਜ਼ਮ ਫੱਕਰ ਅਲੀ ਪੁੱਤਰ ਅਬਦੁਲ, ਅਬਦੁਲ ਪੁੱਤਰ ਲਾਲ ਦੀਨ ਵਾਸੀ ਹੇਮਰਾਜਪੁਰ, ਸੁਲੇਮਾਨ ਪੁੱਤਰ ਮਾਣੂ ਵਾਸੀ ਭੱਠਾ ਕਲੋਨੀ ਪਿੰਡ ਬਥਵਾਲਾ, ਬਸ਼ੀਰ ਪੁੱਤਰ ਯੂਸਫ਼ ਵਾਸੀ ਆਲੇਚੱਕ ਅਤੇ ਨੀਮੂ ਪੁੱਤਰ ਯੂਸਫ ਵਾਸੀ ਬਹਿਰਾਮਪੁਰ ਕੋਠੇ ਨੇ ਉਸ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਪਰਸ ਵੀ ਉੱਥੇ ਡਿੱਗ ਪਿਆ, ਜਿਸ ਵਿਚ 25 ਹਜ਼ਾਰ ਰੁਪਏ ਸਨ, ਉਹ ਵੀ ਮੁਲਜ਼ਮ ਚੁੱਕ ਕੇ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਬਦੁੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਮੁਲਜ਼ਮ ਫ਼ਰਾਰ ਦੱਸੇ ਜਾਂਦੇ ਹਨ।


author

Aarti dhillon

Content Editor

Related News