ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ''ਚ ਬੁਰੀ ਤਰ੍ਹਾਂ ਫੇਲ: ਓਂਕਾਰ ਸਿੰੰਘ ਅਗੌਲ

09/09/2018 10:49:30 AM

ਨਾਭਾ (ਜਗਨਾਰ,ਪੁਰੀ, ਭੂਪਾ)— ਕੇਂਦਰ ਦੀ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੇ ਅੰਨਦਾਤਾ ਸਮੁੱਚੇ ਕਿਸਾਨਾਂ ਨਾਲ ਇਹ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਕਿ ਉਹ ਤੇਲ, ਖਾਦਾਂ ਦੇ ਭਾਅ ਘਟਾਵੇਗੀ ਅਤੇ ਉਨ੍ਹਾਂ ਦੀਆਂ ਜਿਨਸਾਂ ਦੇ ਭਾਅ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੇਲ ਤੇ ਖਾਦਾਂ ਦੇ ਭਾਅ 'ਤੇ ਕੰਟਰੋਲ ਤਾਂ ਕੀ ਕਰਨਾ ਸੀ ਸਗੋਂ ਅਸਮਾਨ ਛੂੰਹਦੀਆਂ ਇਨ੍ਹਾਂ ਵਸਤੂਆਂ ਦੇ ਰੇਟਾਂ ਨੇ ਕਿਸਾਨ ਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਅੱਜ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਤੋਂ ਦੁਖੀ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾਈ ਆਗੂ ਓਂਕਾਰ ਸਿੰਘ ਅਗੌਲ ਨੇ ਜਗਬਾਣੀ ਨਾਲ ਗੱਲ ਕਰਦਿਆਂ ਕਹੇ।

ਅਗੌਲ ਨੇ ਕਿਹਾ ਕਿ 2017 ਵਿਚ ਕੱਚੇ ਤੇਲ ਦਾ ਆਯਾਤ ਬਿਲ 188 ਬਿਲੀਅਨ ਡਾਲਰ ਪ੍ਰਤੀ ਬੇਰਲ ਸੀ, ਜੋ ਅੱਜ ਘੱਟ ਕੇ 86 ਬਿਲੀਅਨ ਡਾਲਰ ਪ੍ਰਤੀ ਬੇਰਲ ਰਹਿ ਗਿਆ ਹੈ, ਦੇ ਬਾਵਜੂਦ ਤੇਲ ਦੀਆਂ ਕੀਮਤਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਸਵਾਮੀ ਨਾਥਨ ਕਮਿਸ਼ਨ ਸਿਫਾਰਸ਼ਾਂ ਅਨੁਸਾਰ ਫਸਲਾਂ ਦੇ ਭਾਅ ਨਾ ਦਿੱਤੇ ਗਏ ਤਾਂ ਭਾਕਿਯੂ (ਰਾਜੇਵਾਲ) ਕਿਸੇ ਸਮੇਂ ਵੀ ਆਪਣਾ ਤਿੱਖਾ ਸੰਘਰਸ਼ ਵਿੱਢ ਸਕਦੀ ਹੈ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਦੇਸ਼ ਦੇ ਸਮੁੱਚੇ ਕਿਸਾਨ ਨੂੰ ਟੈਕਸ ਰਹਿਤ ਡੀਜ਼ਲ ਦੇਣ ਲਈ ਵੀ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ, ਕਿਉਂ ਜੋ ਕਿਸਾਨ ਸਮੁੱਚੇ ਦੇਸ਼ ਦਾ ਪੇਟ ਪਾਲਦਾ ਹੈ। ਇਸ ਮੌਕੇ ਹੋਰ ਵੀ ਯੂਨੀਅਨ ਆਗੂ ਮੌਜੂਦ ਸਨ।


Related News