ਕੈਨੇਡਾ ਰਹਿੰਦੇ ਪਤੀ ਤੇ ਸੱਸ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ
Tuesday, Jun 30, 2026 - 09:56 PM (IST)
ਦੋਰਾਹਾ (ਵਿਨਾਇਕ) : ਥਾਣਾ ਦੋਰਾਹਾ ਪੁਲਸ ਨੇ ਇੱਕ ਵਿਆਹੁਤਾ ਔਰਤ ਦੀ ਸ਼ਿਕਾਇਤ 'ਤੇ ਕੈਨੇਡਾ ਰਹਿੰਦੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਦਾਜ ਦੀ ਮੰਗ ਕਰਕੇ ਤੰਗ-ਪ੍ਰੇਸ਼ਾਨ ਕਰਨ ਅਤੇ ਇਸਤਰੀ ਧਨ ਆਪਣੇ ਕਬਜ਼ੇ ਵਿੱਚ ਰੱਖਣ ਦੇ ਦੋਸ਼ਾਂ ਸਬੰਧੀ ਕੇਸ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਐੱਸਐੱਸਪੀ ਖੰਨਾ ਦੇ ਹੁਕਮਾਂ ਅਤੇ ਵਿਭਾਗੀ ਪੜਤਾਲ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਕੀਤੀ ਗਈ। ਬਾਅਦ ਵਿੱਚ ਮੁਲਜ਼ਮਾਂ ਦੀ ਪਹਿਚਾਣ ਪਰਮਵੀਰ ਸਿੰਘ ਪੁੱਤਰ ਸਵਰਗੀ ਰਣਜੋਧ ਸਿੰਘ ਅਤੇ ਤਰਲੋਚਨ ਕੌਰ ਪਤਨੀ ਸਵਰਗੀ ਰਣਜੋਧ ਸਿੰਘ, ਵਾਸੀ ਪਿੰਡ ਗੁਰੂਸਰ ਕਾਉਂਕੇ, ਤਹਿਸੀਲ ਜਗਰਾਓ, ਜ਼ਿਲਾ ਲੁਧਿਆਣਾ, ਹਾਲ ਵਾਸੀ 14736-69 ਐਵੀਨਿਊ, ਸਰੀ, ਬ੍ਰਿਟਿਸ਼ ਕੋਲੰਬੀਆ (ਬੀ.ਸੀ.), ਕੈਨੇਡਾ ਵਜੋਂ ਹੋਈ ਹੈ।
ਪੁਲਸ ਅਨੁਸਾਰ ਅਰੁਨਜੋਤ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਬਰਮਾਲੀਪੁਰ, ਥਾਣਾ ਦੋਰਾਹਾ ਨੇ ਐੱਸਐੱਸਪੀ ਖੰਨਾ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦਾ ਵਿਆਹ 23 ਫਰਵਰੀ 2025 ਨੂੰ ਪਰਮਵੀਰ ਸਿੰਘ ਨਾਲ ਹੋਇਆ ਸੀ। ਵਿਆਹ ਅਤੇ ਮੰਗਣੀ ਸਮੇਂ ਉਸ ਦੇ ਪਰਿਵਾਰ ਵੱਲੋਂ ਆਪਣੀ ਸਮਰੱਥਾ ਤੋਂ ਵੱਧ ਖਰਚ ਕਰਦੇ ਹੋਏ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਤੋਹਫ਼ੇ ਦਿੱਤੇ ਗਏ। ਸ਼ਿਕਾਇਤ ਵਿਚ ਇਹ ਵੀ ਕਿਹਾ ਕਿ ਲੜਕੇ ਵਾਲਿਆਂ ਦੀ ਮੰਗ 'ਤੇ ਕਾਰ ਦੀ ਥਾਂ 15 ਲੱਖ ਰੁਪਏ ਨਕਦ ਦਿੱਤੇ ਗਏ ਸਨ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਪਤੀ, ਸੱਸ ਅਤੇ ਹੋਰ ਪਰਿਵਾਰਕ ਮੈਂਬਰ ਉਸ ਨੂੰ ਘੱਟ ਦਾਜ ਲਿਆਉਣ ਦੇ ਤਾਹਨੇ ਦੇਣ ਲੱਗ ਪਏ ਅਤੇ ਹੋਰ ਨਕਦੀ ਦੀ ਮੰਗ ਕਰਦੇ ਹੋਏ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲੱਗੇ। ਬਾਅਦ ਵਿਚ ਸਾਰੇ ਪਰਿਵਾਰਕ ਮੈਂਬਰ ਕੈਨੇਡਾ ਚਲੇ ਗਏ, ਜਿੱਥੇ ਵੀ ਉਸ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਜਾਰੀ ਰਿਹਾ। ਸ਼ਿਕਾਇਤ ਅਨੁਸਾਰ ਉਸ ਦੇ ਪਿਤਾ ਤੋਂ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ ਅਤੇ ਰਕਮ ਨਾ ਦੇਣ 'ਤੇ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਗਹਿਣੇ, ਇਸਤਰੀ ਧਨ ਅਤੇ ਹੋਰ ਕੀਮਤੀ ਸਮਾਨ ਅਜੇ ਵੀ ਸਹੁਰਾ ਪਰਿਵਾਰ ਦੇ ਕਬਜ਼ੇ ਵਿੱਚ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਪੁਲਸ ਵੱਲੋਂ ਕੀਤੀ ਗਈ ਵਿਭਾਗੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਨੂੰ ਸੁਣਿਆ ਗਿਆ ਅਤੇ ਉਸ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਸਬੂਤਾਂ ਦੀ ਜਾਂਚ ਕੀਤੀ ਗਈ। ਜਾਂਚ ਰਿਪੋਰਟ ਅਨੁਸਾਰ ਵਿਰੋਧੀ ਧਿਰ ਨੂੰ ਈ-ਮੇਲ ਅਤੇ ਵਟਸਐਪ ਰਾਹੀਂ ਕਈ ਵਾਰ ਜਾਂਚ ਵਿੱਚ ਸ਼ਾਮਲ ਹੋਣ ਲਈ ਸੂਚਿਤ ਕੀਤਾ ਗਿਆ, ਪਰ ਉਹ ਨਾ ਤਾਂ ਜਾਂਚ ਵਿੱਚ ਸ਼ਾਮਲ ਹੋਏ ਅਤੇ ਨਾ ਹੀ ਕੋਈ ਲਿਖਤੀ ਜਵਾਬ ਭੇਜਿਆ। ਇਸ ਮਾਮਲੇ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਬਿਆਨਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਪੁਲਸ ਵੱਲੋਂ ਵਿਰੋਧੀ ਧਿਰ ਨੂੰ ਈ-ਮੇਲ ਅਤੇ ਵਟਸਐਪ ਰਾਹੀਂ ਜਾਂਚ ਵਿਚ ਸ਼ਾਮਲ ਹੋਣ ਲਈ ਕਈ ਵਾਰ ਸੂਚਿਤ ਕੀਤਾ ਗਿਆ ਪਰ ਉਹ ਨਾ ਤਾਂ ਜਾਂਚ ਵਿਚ ਹਾਜ਼ਰ ਹੋਏ ਅਤੇ ਨਾ ਹੀ ਆਪਣਾ ਕੋਈ ਲਿਖਤੀ ਪੱਖ ਪੇਸ਼ ਕੀਤਾ।
ਥਾਣਾ ਦੋਰਾਹਾ ਦੇ ਮੁੱਖ ਅਫ਼ਸਰ ਵੱਲੋਂ ਕੀਤੀ ਪੜਤਾਲ ਵਿੱਚ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਪੇਸ਼ ਕੀਤੇ ਸਬੂਤਾਂ ਦੇ ਆਧਾਰ 'ਤੇ ਪਤੀ ਪਰਮਵੀਰ ਸਿੰਘ ਅਤੇ ਸੱਸ ਤਰਲੋਚਨ ਕੌਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਉਪ ਕਪਤਾਨ ਪੁਲਸ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਵੀ ਜਾਂਚ ਰਿਪੋਰਟ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਾਰਵਾਈ ਦੀ ਸਿਫ਼ਾਰਸ਼ ਕੀਤੀ, ਜਿਸ ਤੋਂ ਬਾਅਦ ਐਸਐਸਪੀ ਖੰਨਾ ਵੱਲੋਂ ਐਫਆਈਆਰ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਗਈ।
ਕੀ ਕਹਿੰਦੇ ਹਨ ਥਾਣਾ ਮੁਖੀ?
ਥਾਣਾ ਦੋਰਾਹਾ ਦੇ ਮੁੱਖ ਅਫ਼ਸਰ ਇੰਸ. ਆਕਾਸ਼ ਦੱਤ ਨੇ ਦੱਸਿਆ ਕਿ ਸ਼ਿਕਾਇਤ ਦੀ ਵਿਭਾਗੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਧਿਰ ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਵਿਰੋਧੀ ਧਿਰ ਨੂੰ ਵਿਦੇਸ਼ ਵਿਚ ਹੋਣ ਦੇ ਬਾਵਜੂਦ ਈ-ਮੇਲ ਅਤੇ ਵਟਸਐਪ ਰਾਹੀਂ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਗਏ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਪਰਮਵੀਰ ਸਿੰਘ ਅਤੇ ਤਰਲੋਚਨ ਕੌਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 85 ਅਤੇ 316(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਕਾਨੂੰਨ ਅਨੁਸਾਰ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
