ਪੰਜਾਬ ਦੇ LPG ਖ਼ਪਤਕਾਰਾਂ ਲਈ ਵੱਡੀ ਖ਼ਬਰ, 4 ਮਹੀਨਿਆਂ ਬਾਅਦ...

Thursday, Jul 09, 2026 - 02:08 PM (IST)

ਪੰਜਾਬ ਦੇ LPG ਖ਼ਪਤਕਾਰਾਂ ਲਈ ਵੱਡੀ ਖ਼ਬਰ, 4 ਮਹੀਨਿਆਂ ਬਾਅਦ...

ਲੁਧਿਆਣਾ (ਖੁਰਾਣਾ)- ਪੰਜਾਬ ਭਰ ਵਿਚ ਪਿਛਲੇ ਲੰਬੇ ਸਮੇਂ ਤੋਂ ਘਰੇਲੂ ਗੈਸ ਕੁਨੈਕਸ਼ਨ ਜਾਰੀ ਕਰਨ ਅਤੇ ਗੈਸ ਕਾਪੀ ’ਤੇ ਖਪਤਕਾਰਾਂ ਦਾ ਨਾਂ ਟ੍ਰਾਂਸਫਰ ਕਰਵਾਉਣ ਵਰਗੀਆਂ ਮੁੱਖ ਸੇਵਾਵਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ ਪਰ ਹੁਣ ਗੈਸ ਕੰਪਨੀਆਂ ਵੱਲੋਂ ਕਰੀਬ 4 ਮਹੀਨਿਆਂ ਬਾਅਦ ਨਵੇਂ ਗੈਸ ਕੁਨੈਕਸ਼ਨਾਂ ਦੀ ਬੁਕਿੰਗ ਅਤੇ ਪਹਿਲਾਂ ਤੋਂ ਚੱਲ ਰਹੀਆਂ ਕਾਪੀਆਂ ਨੂੰ ਟ੍ਰਾਂਸਫਰ ਕਰਨ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਲਈ ਹਰ ਗੈਸ ਏਜੰਸੀ ’ਤੇ ਖਪਤਕਾਰਾਂ ਦੀਆਂ ਅਰਜ਼ੀਆਂ ਜਮ੍ਹਾ ਹੋਣੀਆਂ ਸ਼ੁਰੂ ਹੋ ਗਈਆਂ ਹਨ।

ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ (ਖ਼ਾਸ ਕਰਕੇ ਮਾਤਾ-ਪਿਤਾ) ਦੀ ਮੌਤ ਤੋਂ ਬਾਅਦ ਗੈਸ ਕੁਨੈਕਸ਼ਨ ਬੱਚਿਆਂ ਦੇ ਨਾਂ ’ਤੇ ਟ੍ਰਾਂਸਫਰ ਨਾ ਹੋਣ ਕਾਰਨ ਜ਼ਿਆਦਾਤਰ ਪਰਿਵਾਰਾਂ ਨੂੰ ਸਿਲੰਡਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੌਜੂਦਾ ਸਮੇਂ ਦੌਰਾਨ ਗੈਸ ਕੰਪਨੀਆਂ ਵਲੋਂ ਹਰ ਖਪਤਕਾਰ ਲਈ ਈ-ਕੇ. ਵਾਈ. ਸੀ. ਕਰਵਾਉਣਾ ਅਤੇ ਸਪਲਾਈ ਲੈਣ ਦੌਰਾਨ ਡੀ. ਏ. ਸੀ. ਕੋਡ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ, ਜੋ ਸਿਰਫ ਖਪਤਕਾਰ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਹੀ ਆਉਂਦਾ ਹੈ। ਅਜਿਹੇ ਵਿਚ ਬਿਨਾਂ ਨਾਂ ਟ੍ਰਾਂਸਫਰ ਕਰਵਾਏ ਸਿਲੰਡਰ ਮਿਲਣਾ ਅਸੰਭਵ ਹੋ ਗਿਆ ਸੀ। ਇਸ ਤੋਂ ਇਲਾਵਾ ਨਵੇਂ ਵਿਆਹੇ ਜੋੜਿਆਂ ਨੂੰ ਵੀ ਨਵਾਂ ਕੁਨੈਕਸ਼ਨ ਜਾਂ ਦੂਜਾ ਸਿਲੰਡਰ (ਡੀ. ਬੀ. ਸੀ.) ਲੈਣ ਵਿਚ ਦਿੱਕਤ ਆ ਰਹੀ ਸੀ, ਕਿਉਂਕਿ ਬੀਤੀ 7 ਮਾਰਚ/ਅਪ੍ਰੈਲ ਤੋਂ ਕੰਪਨੀਆਂ ਨੇ ਇਨ੍ਹਾਂ ਸੇਵਾਵਾਂ ’ਤੇ ਰੋਕ ਲਗਾਈ ਹੋਈ ਸੀ।

ਕੀ ਕਹਿੰਦੇ ਹਨ ਡਿਸਟ੍ਰੀਬਿਊਟਰ

ਲੁਧਿਆਣਾ ਐੱਲ. ਪੀ. ਜੀ. ਗੈਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਹਰ ਗੈਸ ਏਜੰਸੀ ਦੇ ਦਫਤਰ ਵਿਚ ਖਪਤਕਾਰਾਂ ਤੋਂ ਨਵੇਂ ਗੈਸ ਕੁਨੈਕਸ਼ਨ ਲੈਣ ਸਬੰਧੀ ਦਸਤਾਵੇਜ਼ ਮਨਜ਼ੂਰ ਕੀਤੇ ਜਾ ਰਹੇ ਹਨ। ਖਪਤਕਾਰਾਂ ਵੱਲੋਂ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਦਾ ਸਰਟੀਫਿਕੇਟ ਅਤੇ ਹੋਰ ਫਾਰਮੈਲਟੀਆਂ ਪੂਰੀਆਂ ਕਰਨ ’ਤੇ ਕਾਪੀ ’ਤੇ ਨਾਂ ਟ੍ਰਾਂਸਫਰ ਕਰਨ ਸਮੇਤ ਡੀ. ਬੀ. ਸੀ. ਯੋਜਨਾ ਦੇ ਤਹਿਤ ਦੂਜਾ ਨਵਾਂ ਸਿਲੰਡਰ ਜਾਰੀ ਕਰਨ ਵਰਗੀਆਂ ਸੇਵਾਵਾਂ ਇਕ ਵਾਰ ਫਿਰ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰਧਾਨ ਮਨਜੀਤ ਸਿੰਘ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਬੰਧਤ ਗੈਸ ਏਜੰਸੀ ਦੇ ਦਫਤਰ ਵਿਚ ਪੁੱਜ ਕੇ ਲੋੜ ਦੇ ਮੁਤਾਬਕ ਸਾਰੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।


author

Anmol Tagra

Content Editor

Related News