ਯੂਰੀਆ ਘਪਲਾ ਮਾਮਲੇ ''ਚ ਕਈ ਅਫ਼ਸਰਾਂ ਤੇ ਕੰਪਨੀ ਮਾਲਕਾਂ ਖ਼ਿਲਾਫ਼ ਕੇਸ ਦਰਜ

Thursday, Jul 02, 2026 - 12:05 PM (IST)

ਯੂਰੀਆ ਘਪਲਾ ਮਾਮਲੇ ''ਚ ਕਈ ਅਫ਼ਸਰਾਂ ਤੇ ਕੰਪਨੀ ਮਾਲਕਾਂ ਖ਼ਿਲਾਫ਼ ਕੇਸ ਦਰਜ

ਖੰਨਾ (ਰਣਧੀਰ ਧੀਰਾ)- ਪੰਜਾਬ ਵਿਚ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਯੂਰੀਆ ਦੀ ਦੁਰਵਰਤੋਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਖੰਨਾ ਕੈਟਲ ਫੀਡ ਪਲਾਂਟ ਦੇ ਚਾਰਜਸ਼ੀਟ ਹੋ ਚੁੱਕੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ ਸਮੇਤ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਯੂਰੀਆ ਦੀ ਸਪਲਾਈ ਕਰਨ ਵਾਲੀਆਂ ਗਿੱਦੜਬਾਹਾ ਅਤੇ ਨਵੀਂ ਦਿੱਲੀ ਦੀਆਂ ਕੰਪਨੀਆਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਮਾਮਲੇ ਦੀ ਜਾਂਚ ਹੁਣ ਪੰਜਾਬ ਤੋਂ ਬਾਹਰ ਨਵੀਂ ਦਿੱਲੀ ਤਕ ਵਧਾ ਦਿੱਤੀ ਗਈ ਹੈ, ਜਿਸ ਕਾਰਨ ਇਹ ਮਾਮਲਾ ਇਕ ਵੱਡੇ ਅੰਤਰਰਾਜੀ ਘਪਲੇ ਦਾ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਐੱਫ.ਆਈ.ਆਰ. ਵਿਚ ਅਧਿਕਾਰੀਆਂ ਦੇ ਨਾਲ-ਨਾਲ ਗਿੱਦੜਬਾਹਾ ਦੀ ਇੰਡੋ ਆਰਗੈਨਿਕਸ ਕੰਪਨੀ ਅਤੇ ਨਵੀਂ ਦਿੱਲੀ ਦੀ ਮਨੀਸ਼ਾ ਟ੍ਰੇਡਿੰਗ ਕੰਪਨੀ ਦੇ ਮਾਲਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਖੰਨਾ ਦੇ ਸਿਟੀ ਥਾਣਾ-2 ਵਿਚ ਖੇਤੀਬਾੜੀ ਵਿਕਾਸ ਅਫ਼ਸਰ ਹਰਪੁਨੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਦਯੋਗਿਕ ਵਰਤੋਂ ਲਈ ਲੋੜੀਂਦੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਖੇਤੀਬਾੜੀ ਲਈ ਸਬਸਿਡੀ ’ਤੇ ਮਿਲਣ ਵਾਲੇ ਨਿੰਮ-ਕੋਟਿਡ ਯੂਰੀਆ ਦੀ ਵਰਤੋਂ ਕੀਤੀ ਗਈ। ਦੋਸ਼ ਹੈ ਕਿ ਇਸ ਸਬਸਿਡੀ ਵਾਲੇ ਯੂਰੀਆ ਨੂੰ ਉਦਯੋਗਿਕ ਵਰਤੋਂ ਵਿਚ ਲਿਆ ਕੇ ਸਰਕਾਰੀ ਸਬਸਿਡੀ ਦਾ ਗਲਤ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ।

ਜ਼ਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਖੰਨਾ ਕੈਟਲ ਫੀਡ ਪਲਾਂਟ ਵਿਚ ਛਾਪਾ ਮਾਰ ਕੇ ਯੂਰੀਆ ਦੇ ਨਮੂਨੇ ਲਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਟੈਕਨੀਕਲ ਗ੍ਰੇਡ ਯੂਰੀਆ ਦੇ ਬੈਗਾਂ ਵਿਚ ਖੇਤੀਬਾੜੀ ਲਈ ਸਬਸਿਡੀ ਵਾਲਾ ਨਿੰਮ-ਕੋਟਿਡ ਯੂਰੀਆ ਭਰਿਆ ਹੋਇਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।

ਮਿਲਕਫੈੱਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ (ਏ.ਐੱਚ.), ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ (ਖਰੀਦ ਅਤੇ ਸਟੋਰ) ਅਤੇ ਸੀਨੀਅਰ ਸਹਾਇਕ (ਖਰੀਦ ਇੰਚਾਰਜ) ਸਮੇਤ ਕਈ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਵਾਲੀਆਂ ਚਾਰਜਸ਼ੀਟਾਂ ਜਾਰੀ ਕੀਤੀਆਂ ਹਨ।


author

Anmol Tagra

Content Editor

Related News