ਕੈਨੇਡਾ ਗਈ ਪੰਜਾਬਣ ਨੂੰ ਭੁੱਲੇ ਰਿਸ਼ਤੇ! ਪਰਿਵਾਰ ਨੇ ਲਾਏ ਗੰਭੀਰ ਦੋਸ਼

Saturday, Jul 11, 2026 - 06:59 PM (IST)

ਕੈਨੇਡਾ ਗਈ ਪੰਜਾਬਣ ਨੂੰ ਭੁੱਲੇ ਰਿਸ਼ਤੇ! ਪਰਿਵਾਰ ਨੇ ਲਾਏ ਗੰਭੀਰ ਦੋਸ਼

​ਲੁਧਿਆਣਾ (ਰਾਜ/ਅਨਿਲ): ਥਾਣਾ ਮਿਹਰਬਾਨ ਦੀ ਪੁਲਸ ਨੇ ਵਿਆਹ ਕਰਕੇ ਪਤੀ ਨੂੰ ਕੈਨੇਡਾ ਨਾ ਲੈ ਕੇ ਜਾਣ ਵਾਲੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਅਤੇ ਜਾਂਚ ਅਧਿਕਾਰੀ ਹੌਲਦਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਜੜਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ 29 ਜਨਵਰੀ 2026 ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

​ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਦਾ ਵਿਆਹ ਗੁਰਪ੍ਰੀਤ ਕੌਰ ਵਾਸੀ ਕਪੂਰਥਲਾ ਨਾਲ ਪੱਕੇ ਤੌਰ 'ਤੇ ਕੀਤਾ ਸੀ। ਇਸ ਦੌਰਾਨ ਗੁਰਪ੍ਰੀਤ ਕੌਰ ਵੱਲੋਂ ਵਿਆਹ ਕਰਕੇ ਉਸ ਦੇ ਪੁੱਤਰ ਨੂੰ ਕੈਨੇਡਾ ਵਿਚ ਪੀ.ਆਰ. ਦਿਵਾਉਣ ਦਾ ਝਾਂਸਾ ਦੇ ਕੇ ਕੈਨੇਡਾ ਵਿਚ ਪੜ੍ਹਾਈ ਅਤੇ ਰਿਹਾਇਸ਼ ਦੇ ਨਾਲ-ਨਾਲ ਕੈਨੇਡਾ ਜਾਣ ਦਾ ਸਾਰਾ ਖ਼ਰਚਾ ਉਨ੍ਹਾਂ ਦੇ ਪਰਿਵਾਰ ਤੋਂ ਕਰਵਾਇਆ ਗਿਆ। ਇਸ ਤੋਂ ਬਾਅਦ ਗੁਰਪ੍ਰੀਤ ਕੌਰ ਵੱਲੋਂ ਉਸ ਦੇ ਪੁੱਤਰ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਸ ਦੇ ਪੁੱਤਰ ''ਤੇ ਚੋਰੀ ਦੇ ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ।

​ਇੰਨਾ ਹੀ ਨਹੀਂ, ਗੁਰਪ੍ਰੀਤ ਕੌਰ ਨੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿਵਾਈਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨਾਲ ਧੋਖਾਧੜੀ ਕੀਤੀ ਹੈ।

​ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਸ ਨੂੰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਸ ਨੇ ਉਕਤ ਸ਼ਿਕਾਇਤ ''ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਪਤਨੀ ਗੁਰਪ੍ਰੀਤ ਕੌਰ, ਉਸ ਦੇ ਪਿਤਾ ਗੁਰਸੁਰਿੰਦਰ ਸਿੰਘ ਅਤੇ ਉਸ ਦੀ ਮਾਤਾ ਮਨਜੀਤ ਕੌਰ ਵਾਸੀ ਕਪੂਰਥਲਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

​ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Anmol Tagra

Content Editor

Related News