13 ਸਾਲ ਪਹਿਲਾਂ ਵਿਦੇਸ਼ ’ਚ ਲਾਪਤਾ ਹੋਇਆ ਸੀ ਮਾਛੀਵਾੜਾ ਦਾ ਨੌਜਵਾਨ, CBI ਖੋਲ੍ਹੇਗੀ ਪਰਤਾਂ
Friday, Nov 03, 2023 - 05:02 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਨੇੜਲੇ ਪਿੰਡ ਬੁਰਜ ਕੱਚਾ ਦਾ ਨੌਜਵਾਨ ਵਰਿੰਦਰ ਸਿੰਘ, ਜੋ ਕਿ 13 ਸਾਲ ਪਹਿਲਾਂ ਅਮਰੀਕਾ ਲਈ ਘਰੋਂ ਗਿਆ ਸੀ, ਰਸਤੇ ਵਿਚ ਵਿਦੇਸ਼ ਵਿਚ ਹੀ ਲਾਪਤਾ ਹੋ ਗਿਆ ਅਤੇ ਇਸ ਮਾਮਲੇ ਨੂੰ ਮਨੁੱਖੀ ਸਮੱਗਲਿੰਗ ਗਿਰੋਹ ਨਾਲ ਜੋੜ ਕੇ ਹੁਣ ਸੀ.ਬੀ.ਆਈ. ਇਸ ਦੀਆਂ ਪਰਤਾਂ ਖੋਲ੍ਹੇਗੀ।
ਬੁਰਜ ਕੱਚਾ ਦੇ ਨਿਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਸਦਾ ਮੁੰਡਾ ਵਰਿੰਦਰ ਸਿੰਘ 2010 ਵਿਚ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਅਤੇ ਇਸ ਸਬੰਧੀ ਉਸਨੇ ਟ੍ਰੈਵਲ ਏਜੰਟ ਅਵਤਾਰ ਸਿੰਘ ਉਰਫ਼ ਬੱਬੂ ਵਾਸੀ ਖੋਖਰਾਂ, ਪ੍ਰਦੀਪ ਕੁਮਾਰ ਵਾਸੀ ਚਿੱਕੀ ਥਾਣਾ ਲਾਂਬੜਾ ਜ਼ਿਲਾ ਜਲੰਧਰ ਨੂੰ 19 ਲੱਖ ਰੁਪਏ ਦਿੱਤੇ। ਜਸਵੰਤ ਸਿੰਘ ਨੇ ਉਸ ਸਮੇਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਟ੍ਰੈਵਲ ਏਜੰਟਾਂ ਨੇ ਉਸਦੇ ਮੁੰਡੇ ਨੂੰ ਅਮਰੀਕਾ ਭੇਜਣ ਦਾ ਵਾਅਦਾ ਕਰ ਕੇ ਉਸ ਤੋਂ ਸਾਰੇ ਪੈਸੇ ਵਸੂਲ ਲਏ ਅਤੇ ਮੁੰਡੇ ਨੂੰ ਅਗਵਾ ਕਰ ਲਿਆ। ਉਸਨੂੰ ਸ਼ੱਕ ਹੈ ਕਿ ਉਸਦੇ ਮੁੰਡੇ ਨੂੰ ਇਨ੍ਹਾਂ ਟ੍ਰੈਵਲ ਏਜੰਟਾਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ ਜਾਂ ਕਰ ਸਕਦੇ ਹਨ।
ਦਿੱਲੀ ਤੋਂ ਦੋਹਾ ਕਤਰ ਲਈ ਗਿਆ, ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ
ਜਸਵੰਤ ਸਿੰਘ ਨੇ ਆਪਣੇ ਮੁੰਡੇ ਦੀ ਭਾਲ ਅਤੇ ਇਨਸਾਫ਼ ਲੈਣ ਲਈ 2011 ’ਚ ਮਾਣਯੋਗ ਹਾਈਕੋਰਟ ਵਿਚ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਅਤੇ ਅਦਾਲਤ ਦੇ ਹੁਕਮਾਂ ’ਤੇ ਮਾਛੀਵਾੜਾ ਥਾਣੇ ਵਿਚ 14. 2. 2013 ਨੂੰ ਕਥਿਤ ਟ੍ਰੈਵਲ ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ। ਉਸ ਸਮੇਂ ਮਨਿਸਟਰੀ ਆਫ਼ ਹੋਮ ਅਫੇਅਰ ਗੌਰਮਿੰਟ ਆਫ਼ ਇੰਡੀਆ ਨਵੀਂ ਦਿੱਲੀ ਨੇ ਵੀ ਜਾਂਚ ਵਿਚ ਦੱਸਿਆ ਕਿ ਵਰਿੰਦਰ ਸਿੰਘ 27. 9. 2013 ਨੂੰ ਦਿੱਲੀ ਏਅਰਪੋਰਟ ਤੋਂ ਦੋਹਾ ਕਤਰ ਲਈ ਗਿਆ ਅਤੇ ਉਸ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਪਿਤਾ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਛੀਵਾੜਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਇਸ ਦੀ ਜਾਂਚ ਵੀ ਚੱਲਦੀ ਰਹੀ।
ਇਹ ਵੀ ਪੜ੍ਹੋ- ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ
ਇਨਸਾਫ਼ ਵੀ ਨਹੀਂ ਮਿਲਿਆ, ਐੱਫ.ਆਈ.ਆਰ. ਵੀ ਕਰ ਦਿੱਤੀ ਖਾਰਿਜ
ਜਸਵੰਤ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਇਸ ਮਾਮਲੇ ਦੀ ਪੜਤਾਲ ਵੀ ਹੋਈ ਪਰ ਨਾ ਉਸਦੇ ਮੁੰਡੇ ਬਾਰੇ ਕੋਈ ਪਤਾ ਲੱਗਾ ਅਤੇ ਨਾ ਹੀ ਉਸ ਨੂੰ ਇਨਸਾਫ਼ ਮਿਲਿਆ, ਬਲਕਿ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਦਰਜ ਕੀਤੀ ਐੱਫ.ਆਈ.ਆਰ. ਵੀ ਖਾਰਿਜ ਕਰ ਦਿੱਤੀ। ਆਪਣੇ ਮੁੰਡੇ ਨੂੰ ਇਨਸਾਫ਼ ਦਿਵਾਉਣ ਅਤੇ ਉਸਦੀ ਭਾਲ ਲਈ ਜਸਵੰਤ ਸਿੰਘ ਨੇ ਹੌਸਲਾ ਨਹੀਂ ਛੱਡਿਆ ਅਤੇ ਲੜਾਈ ਲੜਦਾ ਰਿਹਾ। ਅਖੀਰ ਹੁਣ ਫਿਰ ਮਾਣਯੋਗ ਹਾਈਕੋਰਟ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ। ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਦਿੱਲੀ ਵਿਖੇ ਸੀ.ਬੀ.ਆਈ. ਨੇ ਬੁਲਾਇਆ ਸੀ, ਜਿਨ੍ਹਾਂ ਪੁੱਛਗਿੱਛ ਤੋਂ ਬਾਅਦ ਬਿਆਨ ਵੀ ਦਰਜ ਕੀਤੇ। ਉਸਨੇ ਦੱਸਿਆ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਅਦਾਲਤ ਤੇ ਸੀ.ਬੀ.ਆਈ. ਉਸਨੂੰ ਇਨਸਾਫ਼ ਦੇਵੇਗੀ।
4 ਨੌਜਵਾਨ ਲਾਪਤਾ ਹੋਣ ਕਾਰਨ ਮਨੁੱਖੀ ਸਮੱਗਲਿੰਗ ਗਿਰੋਹ ਸੀ.ਬੀ.ਆਈ. ਨਿਸ਼ਾਨੇ ’ਤੇ
ਬੁਰਜ ਕੱਚਾ ਦੇ ਨੌਜਵਾਨ ਵਰਿੰਦਰ ਸਿੰਘ ਦੇ ਵਿਦੇਸ਼ ’ਚ ਲਾਪਤਾ ਹੋਣ ਦੀ ਜਾਂਚ ਸੀ.ਬੀ.ਆਈ. ਵਲੋਂ ਮਨੁੱਖੀ ਸਮੱਗਲਿੰਗ ਗਿਰੋਹ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਸਦਾ ਮੁੰਡਾ ਵਰਿੰਦਰ ਸਿੰਘ ਹੀ ਨਹੀਂ, ਬਲਕਿ ਅਮਰੀਕਾ ਲਈ ਰਵਾਨਾ ਹੋਏ ਉਸ ਨਾਲ ਰੋਪੜ ਜ਼ਿਲੇ ਦੇ 2 ਨੌਜਵਾਨ ਅਤੇ 1 ਮੇਰਠ ਦਾ ਨੌਜਵਾਨ ਵੀ ਲਾਪਤਾ ਹੋਏ ਹਨ, ਜਿਨ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਬੇਸ਼ੱਕ ਉਨ੍ਹਾਂ ਲਾਪਤਾ ਹੋਏ 3 ਨੌਜਵਾਨਾਂ ਦਾ ਕਿਸੇ ਵੀ ਥਾਣੇ ’ਚ ਮਾਮਲਾ ਦਰਜ ਨਹੀਂ ਪਰ ਸੀ.ਬੀ.ਆਈ. ਇਸ ਨੂੰ ਮਨੁੱਖੀ ਸਮੱਗਲਿੰਗ ਗਿਰੋਹ ਨਾਲ ਜੋੜ ਕੇ ਜਾਂਚ ਕਰੇਗੀ ਅਤੇ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ- DC ਨੇ ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਤਰੀਕੇ ਅਪਨਾਉਣ ਵਾਲੇ ਕਿਸਾਨਾਂ ਦੀ ਕੀਤੀ ਹੌਸਲਾ ਅਫਜ਼ਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8