ਭਾਜਪਾ ਦੇ ਸੰਗਠਨ ਮੰਤਰੀ ਪੰਜਾਬ ਨੇ ਮਾਨਸਾ ਵਿਖੇ ਭਾਜਪਾ ਆਗੂਆਂ ਨਾਲ ਕੀਤੀ ਬੰਦ ਕਮਰਾ ਮੀਟਿੰਗ
Sunday, Dec 21, 2025 - 07:32 PM (IST)
ਮਾਨਸਾ (ਸੰਦੀਪ ਮਿੱਤਲ) : ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਪੰਜਾਬ ਭਾਜਪਾ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸਲੂ ਅਤੇ ਪਾਰਟੀ ਦੇ ਜਰਨਲ ਸਕੱਤਰ ਦਿਆਲ ਦਾਸ ਸੋਢੀ ਨੇ ਮਾਨਸਾ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਲੰਮੀ ਗੁਪਤ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੇ ਉਮੀਦਵਾਰਾਂ ਅਤੇ ਹੋਰਨਾਂ ਵਿਸ਼ਿਆਂ ਤੇ ਚਰਚਾ ਹੋਈ।ਮੀਟਿੰਗ ਵਿੱਚ ਹਰ ਵਰਕਰ ਦੀ ਕਾਰਗੁਜ਼ਾਰੀ ਤੇ ਗੱਲਬਾਤ ਹੋਈ। ਮੀਟਿੰਗ ਸਮਾਪਤੀ ਉਪਰੰਤ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਮਾਨਸਾ ਦੇ ਭਾਜਪਾ ਦੇ ਬਲਾਕ ਸੰਮਤੀ ਦੇ ਇੱਕੋ ਜੇਤੂ ਉਮੀਦਵਾਰ ਰਾਜਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਮੰਨਾ ਫੱਤਾ ਮਾਲੋਕਾ ਦਾ ਲੋਈ, ਸਿਰੋਪਾਓ ਅਤੇ ਬੁੱਕਾ ਦੇ ਕੇ ਸੰਗਠਨ ਮੰਤਰੀ ਮੰਥਰੀ ਸ਼੍ਰੀਨਿਵਾਸਲੂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। ਮੰਤਰੀ ਨੇ ਥਾਪਣਾ ਦਿੱਤੀ ਕਿ ਉਹ ਮੈਦਾਨ ਵਿੱਚ ਉੱਤਰ ਕੇ ਹੋਰ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ। ਇੱਕੋ ਜੇਤੂ ਰਾਜਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ ਮੰਨਾ ਨੇ ਮੰਤਰੀ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਹਾਈ-ਕਮਾਂਡ ਜੋ ਵੀ ਉਨ੍ਹਾਂ ਦੀ ਸੇਵਾ ਲਗਾਵੇਗੀ, ਉਹ ਉਸ 'ਤੇ ਖਰੇ ਉੱਤਰਨਗੇ। ਉਨ੍ਹਾਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਨੇ ਆਪਣੀ ਇਹ ਚੋਣ ਮੈਡਮ ਪਰਮਪਾਲ ਕੌਰ ਸਿੱਧੂ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਆਪਣੇ ਦਮ 'ਤੇ ਜਿੱਤੀ ਹੈ।
ਇਸ ਦੌਰਾਨ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਜ਼ਿਲ੍ਹਾ ਖਜਾਨਚੀ ਦਲਜੀਤ ਸਿੰਘ ਦਰਸ਼ੀ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਤੀਸ਼ ਕੁਮਾਰ ਸਿੰਗਲਾ, ਸੀਨੀਅਰ ਭਾਜਪਾ ਆਗੂ ਸਮੀਰ ਛਾਬੜਾ, ਵਿਨੋਦ ਕਾਲੀ, ਅਮਨਦੀਪ ਗੁਰੂ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਮੌਜੂਦ ਸਨ।
