ਭਾਜਪਾ ਬੁਢਲਾਡਾ ਚੋਣਾਂ ''ਚ ਹੋਈ ਗਾਇਬ, ਵਿਰੋਧੀਆਂ ਮਿਲਿਆ ਲਾਭ

Friday, Dec 19, 2025 - 06:20 PM (IST)

ਭਾਜਪਾ ਬੁਢਲਾਡਾ ਚੋਣਾਂ ''ਚ ਹੋਈ ਗਾਇਬ, ਵਿਰੋਧੀਆਂ ਮਿਲਿਆ ਲਾਭ

ਬੁਢਲਾਡਾ (ਬਾਂਸਲ) : ਸਥਾਨਕ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਨਵੇਂ ਭਾਜਪਾ ਰੰਗਰੂਟਾਂ ਦੇ ਪੈਰ ਨਾ ਲੱਗਣ ਦੇਣ ਦੀ ਕੋਸ਼ਿਸ਼ 'ਚ ਸਫਲ ਹੁੰਦੇ ਨਜ਼ਰ ਆਏ। ਬੂਥ ਪੱਧਰ 'ਤੇ ਪਾਰਟੀ ਦੀ ਮਜ਼ਬੂਤੀ ਦਾ ਵਰਕਰਾਂ ਨੂੰ ਕੋਰਸ ਕਰਵਾਉਣ ਵਾਲੇ ਲੀਡਰ ਹੀ ਵਿਰੋਧੀਆਂ ਨੂੰ ਫਾਇਦਾ ਦੇਣ ਲਈ ਨਵੇਂ ਭਾਜਪਾ ਰੰਗਰੂਟਾਂ ਦੇ ਪੈਰ ਨਾ ਲੱਗਣ ਦੇਣ ਲਈ ਸਿਆਸੀ ਹੱਥਕੰਢੇ ਵਰਤ ਕੇ ਸਿੱਧਾ ਲਾਭ ਵਿਰੋਧੀਆਂ ਨੂੰ ਦੇਣ ਲਈ ਮੈਦਾਨ ਖੁੱਲ੍ਹਾ ਛੱਡਣ ਵਿਚ ਸਫਲ ਹੋ ਗਏ। ਭਾਜਪਾ ਦੇ ਇਕ ਆਗੂ ਨੇ ਆਪਣਾ ਨਾਂ ਗੁਪਤ ਰੱਖਦਿਆਂ ਕਿਹਾ ਕਿ ਇਕ ਸਾਬਕਾ ਪ੍ਰਧਾਨ ਨੇ ਸਿਆਸੀ ਸ਼ਤਰੰਜ ਵਿਛਾ ਕੇ ਪਾਰਟੀ ਵੱਲੋਂ ਲਗਾਏ ਗਏ ਹਲਕਾ ਇੰਚਾਰਜ ਨੂੰ ਨਿਸ਼ਾਨਾ ਬਨਾਉਂਦਿਆਂ ਬੁਢਲਾਡਾ ਦੇ 25 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਮੀਦਵਾਰ ਹੀ ਖੜ੍ਹੇ ਨਹੀਂ ਕੀਤੇ ਅਤੇ ਹਲਕਾ ਇੰਚਾਰਜ ਨੂੰ ਵਿਸ਼ਵਾਸ਼ ਦਵਾਉਂਦੇ ਰਹੇ ਹਨ ਕਿ ਉਮੀਦਵਾਰਾਂ ਲਿਸ਼ਟਾਂ ਤਿਆਰ ਹਨ ਤੁਸੀਂ ਚਿੰਤਾਂ ਨਾ ਕਰੋ, ਅਸੀਂ ਬੂਥ ਪੱਧਰ ਤੱਕ ਕੰਮ ਕੀਤਾ ਹੋਇਆ ਹੈ। 

ਜਿਉਂ ਜਿਉਂ ਦਸਤਾਵੇਜ਼ ਜਮ੍ਹਾ ਕਰਵਾਉਣ ਦਾ ਸਮਾਂ ਨਜ਼ਦੀਕ ਆਇਆ ਤਾਂ ਭਰੋਸਾ ਦੇਣ ਵਾਲੇ ਸਾਬਕਾ ਪ੍ਰਧਾਨ ਦੀ ਲਿਸਟ ਹੀ ਗਾਇਬ ਹੋ ਗਈ ਅਤੇ ਕੁਝ ਦੇ ਕਾਗਜ਼ਾਂ 'ਚ ਕਮੀ ਹੋਣ ਕਾਰਨ ਕਾਗਜ਼ ਰੱਦ ਕਰ ਦਿੱਤੇ ਗਏ। ਜਿਸ ਕਾਰਨ ਭਾਜਪਾ ਉਪਰੋਕਤ ਚੋਣਾਂ 'ਚ ਲੀਡਰਾਂ ਦੀ ਮੇਹਰਬਾਨੀ ਸਦਕਾ ਵਿਰੋਧੀਆਂ ਲਈ ਫਾਇਦੇਮੰਦ ਰਹੀ। ਸਾਬਕਾ ਪ੍ਰਧਾਨ ਵੱਲੋਂ ਬੂਥ ਲੈਵਲ 'ਤੇ ਕੀਤੇ ਕੰਮਾਂ ਦੇ ਉਲਟ ਹਾਈਕਮਾਂਡ ਨੂੰ ਸਭ ਚੰਗਾ ਕਹਿ ਕੇ ਹਲਕੇ 'ਚੋਂ ਪਾਰਟੀ ਦਾ ਭਾਂਡਾ ਮੂਧਾ ਮਾਰ ਦਿੱਤਾ ਅਤੇ ਕਹਿਣ ਲੱਗੇ ਨਵੇਂ ਹਲਕਾ ਇੰਚਾਰਜ ਨੇ ਦੇਖਣਾ ਸੀ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ। ਉਧਰ ਭਾਜਪਾ ਦੀ ਲੀਡਰਸ਼ਿਪ ਵੀ ਅਜਿਹੇ ਵਰਤਾਰੇ ਤੋਂ ਚਿੰਤੁਤ ਨਜ਼ਰ ਆ ਰਹੀ ਹੈ। ਸਾਡੇ ਲੀਡਰਾਂ ਨੇ ਹੀ ਪਾਰਟੀ ਦਾ ਨੁਕਸਾਨ ਕੀਤਾ ਹੈ। ਲੋਕ ਤਾਂ ਅੱਜ ਵੀ ਭਾਜਪਾ ਨੂੰ ਪਸੰਦ ਕਰਦੇ ਹਨ ਪਰ ਅਜਿਹੇ ਪ੍ਰਧਾਨਾਂ ਨੂੰ ਨਹੀਂ, ਹੁਣ ਸਮਾਂ ਹੀ ਦੱਸੇਗਾ ਕਿ ਸ਼ਤਰੰਜ ਦਾ ਖੇਡ ਖੇਡਣ ਵਾਲੇ ਲੀਡਰਾਂ ਖਿਲਾਫ ਹਾਈਕਮਾਂਡ ਕੀ ਐਕਸ਼ਨ ਲਵੇਗੀ, ਲੋਕਾਂ ਲਈ ਹਲਕੇ ਅੰਦਰ ਭਾਜਪਾ ਦਾ ਗਾਇਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


author

Gurminder Singh

Content Editor

Related News