ਗੋਨਿਆਣਾ ਮੰਡੀ ਦੇ ਮਿੱਲਰਾਂ ਵਲੋਂ ਐੱਫ. ਆਰ. ਕੇ. ਨਿਰਮਾਤਾ ''ਤੇ ਗੰਭੀਰ ਦੋਸ਼, ਕੀਤੀ ਕਾਰਵਾਈ ਦੀ ਮੰਗ

Saturday, Dec 20, 2025 - 02:00 PM (IST)

ਗੋਨਿਆਣਾ ਮੰਡੀ ਦੇ ਮਿੱਲਰਾਂ ਵਲੋਂ ਐੱਫ. ਆਰ. ਕੇ. ਨਿਰਮਾਤਾ ''ਤੇ ਗੰਭੀਰ ਦੋਸ਼, ਕੀਤੀ ਕਾਰਵਾਈ ਦੀ ਮੰਗ

ਗੋਨਿਆਣਾ ਮੰਡੀ (ਗੋਰਾ ਲਾਲ) : ਇੱਥੇ ਐੱਫ. ਆਰ. ਕੇ. ਚੌਲਾਂ ਦੀ ਸਪਲਾਈ ਸਬੰਧੀ 'ਜਗ ਬਾਣੀ' 'ਚ ਛਪੀਆਂ ਲਗਾਤਾਰ ਖ਼ਬਰਾਂ ਦਾ ਵੱਡਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਵੀ ਨਜ਼ਰ ਆਉਣ ਲੱਗਾ ਹੈ। ਗੋਨਿਆਣਾ ਮੰਡੀ ਦੇ ਇੱਕ-ਦੋ ਚੌਲ ਮਿੱਲ ਮਾਲਕਾਂ ਨੇ ਰਾਮਪੁਰਾ ਫੂਲ ਨਾਲ ਸਬੰਧਿਤ ਇੱਕ ਐੱਫ. ਆਰ. ਕੇ. ਨਿਰਮਾਤਾ ਕੰਪਨੀ ਖ਼ਿਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਮਿੱਲਰਾਂ ਵੱਲੋਂ ਫੂਡ ਸੈਕਟਰੀ ਪੰਜਾਬ ਚੰਡੀਗੜ੍ਹ, ਫੂਡ ਡਾਇਰੈਕਟਰ ਪੰਜਾਬ ਚੰਡੀਗੜ੍ਹ, ਡਿਪਟੀ ਡਾਇਰੈਕਟਰ ਫਰੀਦਕੋਟ, ਡੀ. ਐੱਫ਼. ਸੀ. ਬਠਿੰਡਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਰਾਮਪੁਰਾ ਫੂਲ ਦੀ ਐੱਫ. ਆਰ. ਕੇ. ਨਿਰਮਾਤਾ ਕੰਪਨੀ ਵੱਲੋਂ ਉਨ੍ਹਾਂ ਨਾਲ ਖੁੱਲ੍ਹੀ ਮਨਮਰਜ਼ੀ ਕੀਤੀ ਜਾ ਰਹੀ ਹੈ।

ਸ਼ਿਕਾਇਤ ਮੁਤਾਬਕ ਮਿੱਲਰਾਂ ਨੇ ਜਦੋਂ ਸਰਕਾਰੀ ਪੋਰਟਲ ਰਾਹੀਂ ਐਫ. ਆਰ. ਕੇ. ਦੀ ਮੰਗ ਅਨੁਸਾਰ ਆਰਡਰ ਦਿੱਤਾ ਤਾਂ ਨਿਰਮਾਤਾ ਵੱਲੋਂ ਵਾਰ-ਵਾਰ ਉਹ ਆਰਡਰ ਡਿਲੀਟ ਕਰ ਦਿੱਤੇ ਗਏ, ਕਈ ਵਾਰ ਸਪਲਾਈ ਦੇ ਨਾਂ ’ਤੇ ਵਾਧੂ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਇਨਕਾਰ ਕਰਨ ’ਤੇ ਐੱਫ. ਆਰ. ਕੇ. ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ। ਮਿੱਲਰਾਂ ਦਾ ਦੋਸ਼ ਹੈ ਕਿ ਇਹ ਸਭ ਕੁੱਝ ਟੈਂਡਰ ਸ਼ਰਤਾਂ ਅਤੇ ਸਰਕਾਰੀ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੈ, ਜਿਸ ਕਾਰਨ ਉਹ ਨਾ ਤਾਂ ਸਮੇਂ ਸਿਰ ਚੌਲ ਤਿਆਰ ਕਰ ਸਕਦੇ ਹਨ ਅਤੇ ਨਾ ਹੀ ਐੱਫ਼. ਸੀ. ਆਈ. ਨੂੰ ਚੌਲਾਂ ਦੀ ਡਿਲੀਵਰੀ ਦੇ ਸਕਦੇ ਹਨ। ਸ਼ਿਕਾਇਤ 'ਚ ਇਹ ਵੀ ਲਿਖਿਆ ਗਿਆ ਹੈ ਕਿ ਐੱਫ. ਆਰ. ਕੇ. ਨਾ ਮਿਲਣ ਕਾਰਨ ਮਿੱਲਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ, ਜੁਰਮਾਨਿਆਂ ਦਾ ਡਰ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਜਾਣ-ਬੁੱਝ ਕੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ।

ਮਿੱਲਰਾਂ ਨੇ ਮੰਗ ਕੀਤੀ ਹੈ ਕਿ ਰਾਮਪੁਰਾ ਫੂਲ ਦੀ ਸਬੰਧਿਤ ਐੱਫ. ਆਰ. ਕੇ. ਨਿਰਮਾਤਾ ਕੰਪਨੀ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਉਸ ਵੱਲੋਂ ਕੀਤੀ ਗਈ ਵੱਧ ਵਸੂਲੀ ਅਤੇ ਆਰਡਰ ਡਿਲੀਟ ਕਰਨ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਮਿੱਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਨਿਰਮਾਤਾ ਕੰਪਨੀ ਨੂੰ ਬਲੈਕ ਲਿਸਟ ਕੀਤਾ ਜਾਵੇ ਅਤੇ ਇਸ ਦੀ ਸਾਰੀ ਸਕਿਓਰਿਟੀ ਜ਼ਬਤ ਕੀਤੀ ਜਾਵੇ ਤਾਂ ਜੋ ਕੋਈ ਵੀ ਕੰਪਨੀ ਅਜਿਹੀ ਗਲਤੀ ਨਾ ਕਰੇ। ਜਾਣਕਾਰ ਸੂਤਰਾਂ ਮੁਤਾਬਕ ਇਸ ਸ਼ਿਕਾਇਤ ਦੇ ਬਾਅਦ ਫੂਡ ਸਪਲਾਈ ਵਿਭਾਗ 'ਚ ਹੜਕੰਪ ਮਚ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਵੱਲੋਂ ਰਿਪੋਰਟ ਤਲਬ ਕੀਤੀ ਜਾ ਰਹੀ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਐੱਫ. ਆਰ. ਕੇ. ਨਿਰਮਾਤਾਵਾਂ ਨੂੰ ਵਾਧੂ ਰਕਮ ਮੰਗਣ, ਸਪਲਾਈ ਰੋਕਣ ਜਾਂ ਮਨਪਸੰਦ ਮਿੱਲਰਾਂ ਨੂੰ ਤਰਜ਼ੀਹ ਦੇਣ ਖ਼ਿਲਾਫ਼ ਸਖ਼ਤ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗੋਨਿਆਣਾ ਮੰਡੀ ਦੇ ਮਿੱਲਰਾਂ ਦੀ ਇਸ ਸ਼ਿਕਾਇਤ ’ਤੇ ਪ੍ਰਸ਼ਾਸਨ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਦਾ ਹੈ ਜਾਂ ਫਿਰ ਇਹ ਮਾਮਲਾ ਵੀ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਂਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਇਸ ਧਮਾਕੇਦਾਰ ਖ਼ੁਲਾਸੇ ਨੇ ਐੱਫ. ਆਰ. ਕੇ. ਦੇ ਗੋਰਖਧੰਦੇ ’ਤੇ ਇੱਕ ਵਾਰ ਫਿਰ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
 


author

Babita

Content Editor

Related News