ਟੋਲ ਪਲਾਜ਼ਾ ਵਰਕਰਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

08/24/2019 11:21:00 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵੇ ਨੰਬਰ 7 'ਤੇ ਸਥਿਤ ਟੋਲ ਪਲਾਜ਼ਾ 'ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦੇ ਰਹੇ ਵਰਕਰਾਂ ਵੱਲੋਂ ਅੱਜ ਪੰਜਵੇਂ ਦਿਨ ਆਪਣੇ ਰੋਸ ਨੂੰ ਹੋਰ ਤੇਜ਼ ਕਰਦਿਆਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਟੋਲ ਪਲਾਜ਼ਾ ਵਰਕਰਾਂ ਦੀ ਹਮਾਇਤ ਲਈ ਆਏ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਮੀਤ ਸਿੰਘ ਭੱਟੀਵਾਲ ਜ਼ਿਲਾ ਪ੍ਰਧਾਨ ਅਤੇ ਕਰਮ ਸਿੰਘ ਬਲਿਆਲ ਬਲਾਕ ਪ੍ਰਧਾਨ ਬੀ.ਕੇ.ਯੂ. ਏਕਤਾ ਡਕੌਂਦਾ, ਕਾਮਰੇਡ ਭੂਪ ਚੰਦ ਚੰਨੋਂ ਜ਼ਿਲਾ ਸਕੱਤਰ ਸੀ.ਪੀ.ਐਮ, ਰਾਮ ਸਿੰਘ ਮੱਟਰਾਂ ਪ੍ਰਧਾਨ ਪੱਲੇਦਾਰ ਯੂਨੀਅਨ, ਪ੍ਰਗਟ ਸਿੰਘ ਮੱਟਰਾ ਆਮ ਆਦਮੀ ਪਾਰਟੀ, ਜੈਪਾਲ ਸਿੰਘ ਘਰਾਚੋਂ ਜਮੀਨ ਪ੍ਰਾਪਤ ਸੰਘਰਸ਼ ਕਮੇਟੀ, ਕੌਰ ਸਿੰਘ ਭਰਾਜ ਕਾਂਗਰਸੀ ਆਗੂ, ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਆਦਿ ਨੇ ਆਪਣੇ ਸੰਬੋਧਨ ਵਿਚ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵਰਕਰਾਂ 'ਤੇ ਮੁੱਕਦਮਾ ਦਰਜ ਕਰਨ ਦੀ ਪੁਲਸ ਅਤੇ ਪ੍ਰਸਾਸ਼ਨ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਅਤੇ ਪ੍ਰਸਾਸ਼ਨ ਵੱਲੋਂ ਕਥਿਤ ਤੌਰ 'ਤੇ ਮੈਨੇਜਮੈਂਟ ਨਾਲ ਮਿਲੀ ਭੁਗਤ ਕਰਕੇ ਜਾਅਲੀ ਕਰੰਸੀ ਦੇ ਮੁੱਦੇ ਨੂੰ ਦਬਾਉਣ ਲਈ ਜਾਣ ਬੁੱਝ ਕੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਨੇਜਮੈਂਟ ਅਤੇ ਪ੍ਰਸਾਸ਼ਨ ਨੇ ਕਥਿਤ ਤੌਰ 'ਤੇ ਸਾਜਿਸ਼ ਤਹਿਤ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਵਰਕਰਾਂ 'ਤੇ ਹਮਲਾ ਕਰਵਾ ਕੇ ਉਨ੍ਹਾਂ ਦੀ ਕੁੱਟ-ਮਾਰ ਕਰਵਾਈ ਅਤੇ ਫਿਰ ਅਸਲ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਲਟ ਸੰਘਰਸ਼ ਕਰ ਰਹੇ ਵਰਕਰਾਂ 'ਤੇ ਹੀ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ ਕਰ ਰਹੇ ਟੋਲ ਪਲਾਜ਼ਾ ਵਰਕਰਾਂ 'ਤੇ ਦਰਜ ਕੀਤੇ ਮੁਕੱਦਮੇ ਤੁਰੰਤ ਰੱਦ ਕਰਕੇ ਟੋਲ ਪਲਾਜ਼ਾ 'ਤੇ ਵਰਕਰਾਂ ਨੂੰ ਕਥਿਤ ਤੌਰ 'ਤੇ ਜਾਅਲੀ ਕਰੰਸੀ ਚਲਾਉਣ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ।

ਇਸ ਮੌਕੇ ਆਪਣੇ ਸੰਬੋਧਨ ਵਿਚ ਦਰਸ਼ਨ ਸਿੰਘ ਲਾਡੀ ਸੂਬਾ ਮੀਤ ਪ੍ਰਧਾਨ ਟੋਲ ਪਲਾਜ਼ਾ ਵਰਕਰ ਯੂਨੀਅਨ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੋਮਵਾਰ ਤੋਂ ਸਮੂਹ ਵਰਕਰ ਆਪਣੇ ਪੂਰੇ ਪਰਿਵਾਰਾਂ ਸਮੇਤ ਇਥੇ ਮਰਨ ਵਰਤ 'ਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਆਪਣੇ ਰੋਸ ਧਰਨੇ ਨੂੰ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਨਾਲ ਗੁਰਧਿਆਨ ਸਿੰਘ, ਦਮਨ ਸਿੰਘ, ਸਿਤਾਰ ਖਾਨ ਗੁਰਸਵੇਕ ਸਿੰਘ ਸਮੇਤ ਕਈ ਹੋਰ ਵਰਕਰ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।


cherry

Content Editor

Related News