ਇਤਿਹਾਸਕ ਦਰਸ਼ਨੀ ਡਿਊੜੀ ਢਾਹੁਣ ''ਤੇ ਲੌਂਗੋਵਾਲ ਦੇ ਅਸਤੀਫੇ ਦੀ ਉੱਠੀ ਮੰਗ

Monday, Apr 01, 2019 - 08:03 PM (IST)

ਇਤਿਹਾਸਕ ਦਰਸ਼ਨੀ ਡਿਊੜੀ ਢਾਹੁਣ ''ਤੇ ਲੌਂਗੋਵਾਲ ਦੇ ਅਸਤੀਫੇ ਦੀ ਉੱਠੀ ਮੰਗ

ਚੰਡੀਗੜ੍ਹ: ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਊੜੀ ਢਾਏ ਜਾਣ 'ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਫ਼ਸੋਸ ਜਤਾਇਆ ਹੈ। ਇਸ ਦੇ ਨਾਲ ਹੀ 'ਆਪ' ਵਿਧਾਇਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਕਠਪੁਤਲੀ ਬਣਨ 'ਚ ਲੌਂਗੋਵਾਲ ਨੇ ਪਿਛਲੇ ਪ੍ਰਧਾਨਾਂ ਨੂੰ ਵੀ ਮਾਤ ਪਾ ਦਿੱਤੀ ਹੈ।

'ਆਪ' ਲੀਡਰਾਂ ਨੇ ਕਿਹਾ ਕਿ SGPC ਪ੍ਰਧਾਨ ਆਪਣੀ ਅਣਗਹਿਲੀ ਦਾ ਠੀਕਰਾ ਹੁਣ ਹੇਠਲੇ ਅਧਿਕਾਰੀਆਂ 'ਤੇ ਭੰਨ੍ਹ ਰਹੇ ਹਨ ਪਰ ਸਵਾਲ ਇਹ ਹੈ ਕਿ ਮੈਨੇਜ਼ਰ ਪੱਧਰ ਦਾ ਅਧਿਕਾਰੀ ਇਤਿਹਾਸਕ ਡਿਊੜੀ ਨੂੰ ਢਾਹੁਣ ਦਾ ਫ਼ੈਸਲਾ ਕਿਵੇਂ ਲੈ ਸਕਦਾ ਹੈ। SGPC ਦੀ ਮਨਜ਼ੂਰੀ ਤੋਂ ਬਗੈਰ ਹਥਿਆਰਬੰਦ 'ਕਾਰ ਸੇਵਕ' ਡਿਊੜੀ ਢਾਹੁਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਦਰਸ਼ਨੀ ਡਿਊੜੀ ਢਾਹੁਣ ਲਈ ਜ਼ਿੰਮੇਵਾਰ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਮੈਨੇਜ਼ਰ ਤੇ ਕਾਰ ਸੇਵਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮੁੱਚੇ ਮਸਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਢਾਹੀ ਗਈ ਦਰਸ਼ਨੀ ਡਿਊੜੀ ਦੀ ਉਸੇ ਪੁਰਾਤਨ ਤਰੀਕੇ ਨਾਲ ਮੁਰੰਮਤ ਤੇ ਮੁੜ ਉਸਾਰੀ ਕਰਵਾਉਣ ਦੀ ਵੀ ਮੰਗ ਕੀਤੀ।

'ਆਪ' ਨੇ ਕਿਹਾ ਕਿ ਬਾਦਲ ਪਰਿਵਾਰ ਦੀ ਸਿਆਸੀ ਸਰਪ੍ਰਸਤੀ ਹੇਠ ਚੱਲ ਰਹੀ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਦੇ ਸਿਧਾਂਤਾਂ 'ਤੇ ਇਤਿਹਾਸਕ ਸਥਾਨਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ। 'ਆਪ' ਹੈੱਡਕੁਆਟਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ 1839 'ਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਡਿਉਢੀ ਬਣਵਾਈ ਸੀ, ਜਿਸ ਨੂੰ ਢਾਹ ਕੇ SGPC ਦੇ ਪ੍ਰਤੀਨਿਧਾਂ ਨੇ ਆਪਣੀ ਦੀਵਾਲੀਆ ਸੋਚ ਦਿਖਾ ਦਿੱਤੀ ਹੈ।


Related News