ਥੋਕ ਮੰਡੀ ''ਚ ਵੇਚੀਆਂ ਜਾ ਰਹੀਆਂ ਹਨ ਪ੍ਰਚੂਨ ਸਬਜ਼ੀਆਂ

06/27/2019 1:21:45 PM

ਬਠਿੰਡਾ (ਸੁਖਵਿੰਦਰ) : ਜ਼ਿਲੇ ਦੀ ਥੋਕ ਸਬਜ਼ੀ ਮੰਡੀ ਵਿਚ ਪ੍ਰਚੂਨ (1-1 ਕਿਲੋ) ਸਬਜ਼ੀਆਂ ਵੇਚਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਨਾਲ ਜਿੱਥੇ ਫੜੀਆਂ 'ਤੇ ਸਬਜ਼ੀਆਂ ਵੇਚਣ ਵਾਲਿਆਂ ਦਾ ਕੰਮ ਕਾਜ ਠੱਪ ਹੋ ਚੁੱਕਾ ਹੈ ਉੱਥੇ ਹੀ ਉਕਤ ਲੋਕਾਂ ਵਲੋਂ ਫੀਸਾਂ ਨਾ ਦੇ ਕੇ ਮਾਰਕੀਟ ਕਮੇਟੀ ਨੂੰ ਵੀ ਚੂਨਾ ਲਾਇਆ ਜਾ ਰਿਹਾ ਹੈ। ਫੜ੍ਹੀ ਸਬਜ਼ੀ ਵਿਕਰੇਤਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਥੋਕ ਸਬਜ਼ੀ ਮੰਡੀ 'ਚ ਰਿਟੇਲ ਸਬਜ਼ੀ ਵੇਚਣ ਦੇ ਕੰਮ ਨੂੰ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵਲੋਂ ਜ਼ਿਲੇ ਵਿਚ ਥੋਕ ਅਤੇ ਰਿਟੇਲ ਦੀਆਂ ਵੱਖ-ਵੱਖ ਮੰਡੀਆਂ ਬਣਾਈਆਂ ਗਈਆਂ ਹਨ ਤਾਂ ਜੋ ਹਰ ਗਾਹਕ ਨੂੰ ਆਪਣੀ ਮਰਜ਼ੀ ਮੁਤਾਬਕ ਸਬਜ਼ੀ ਮਿਲ ਸਕੇ ਅਤੇ ਵੱਡੇ ਵਪਾਰੀ ਥੋਕ 'ਚ ਆਪਣੀਆਂ ਸਬਜ਼ੀਆਂ ਜਲਦੀ ਵੇਚ ਸਕਣ ਪਰ ਥੋਕ ਸਬਜ਼ੀ ਮੰਡੀ ਵਿਚ ਰਿਟੇਲ (ਪ੍ਰਚੂਨ) ਸਬਜ਼ੀਆਂ ਵੇਚਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪ੍ਰਦੇਸੀ ਪੱਲੇਦਾਰ ਅਤੇ ਸ਼ਹਿਰ ਦੇ ਕਈ ਲੋਕ ਵੱਡੀ ਗਿਣਤੀ ਵਿਚ ਥੋਕ ਮੰਡੀ ਵਿਚ ਜਗ੍ਹਾ-ਜਗ੍ਹਾ ਆਪਣਾ ਸਾਮਾਨ ਰੱਖ ਕਿ ਖੁੱਲ੍ਹਾ ਵੇਚ ਰਹੇ ਹਨ। ਇਸ ਤਰ੍ਹਾਂ ਕਰ ਕੇ ਜਿੱਥੇ ਫੜੀਆਂ 'ਤੇ ਸਬਜ਼ੀਆਂ ਵੇਚਣ ਵਾਲਿਆਂ ਦਾ ਕੰਮ ਕਾਜ ਠੱਪ ਹੋ ਰਿਹਾ ਹੈ, ਉੱਥੇ ਹੀ ਉਕਤ ਲੋਕਾਂ ਵਲੋਂ ਫੀਸਾਂ ਨਾ ਭਰ ਕੇ ਮਾਰਕੀਟ ਕਮੇਟੀ ਨੂੰ ਵੀ ਚੂਨਾ ਲਾਇਆ ਜਾ ਰਿਹਾ ਹੈ। ਇਸ ਸਬੰਧੀ ਫੜੀ ਸੰਚਾਲਕ ਨੇ ਕਿਹਾ ਕਿ ਉਕਤ ਲੋਕਾਂ ਵਲੋਂ ਥੋਕ ਮੰਡੀ ਵਿਚ ਰਿਟੇਲ ਦੇ ਰੇਟਾਂ 'ਤੇ ਸਬਜ਼ੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਣ ਗਾਹਕ ਥੋਕ ਮੰਡੀ ਵਿਚੋਂ ਹੀ ਆਪਣਾ ਸਾਮਾਨ ਖਰੀਦ ਲੈਂਦਾ ਹੈ ਅਤੇ ਫੜ੍ਹੀਆਂ 'ਤੇ ਸਬਜ਼ੀਆਂ ਵੇਚਣ ਵਾਲੇ ਵਿਕਰੇਤਾ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕੁਝ ਆੜ੍ਹਤੀਏ ਵੀ ਸ਼ਾਮਲ ਹਨ ਜੋ ਥੋੜ੍ਹੇ ਜਿਹੇ ਮੁਨਾਫ਼ੇ ਲਈ ਗਾਹਕਾਂ ਨੂੰ ਖੁੱਲ੍ਹੀਆਂ ਸਬਜ਼ੀਆਂ ਵੇਚ ਰਹੇ ਹਨ।

ਉਨ੍ਹਾਂ ਕਿਹਾ ਕਿ ਥੋਕ ਮੰਡੀ ਵਿਚ ਵਿਕ ਰਹੀਆਂ ਪ੍ਰਚੂਨ ਸਬਜ਼ੀਆਂ ਨੂੰ ਬੰਦ ਕਰਵਾਉਣ ਲਈ ਉਹ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਵੀ ਮੰਗ-ਪੱਤਰ ਸੌਂਪ ਚੁੱਕੇ ਹਨ ਪਰ ਫਿਰ ਵੀ ਉਕਤ ਅਧਿਕਾਰੀਆਂ ਵਲੋਂ ਇਸ ਨੂੰ ਬੰਦ ਕਰਵਾਉਣ ਲਈ ਕੋਈ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਵਲੋਂ ਉਕਤ ਕਾਰੋਬਾਰ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


cherry

Content Editor

Related News