ਆਂਗਣਵਾੜੀ ਸੈਂਟਰਾਂ ਲਈ ਕੈਪਟਨ ਸਰਕਾਰ ਨੇ ਖਰੀਦੀਆਂ ਭਾਰ ਤੋਲ ਮਸ਼ੀਨਾਂ

02/27/2020 2:31:33 PM

ਬਠਿੰਡਾ – ਕੈਪਟਨ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਖਰੀਦੀਆਂ ਗਈਆਂ ਭਾਰ ਤੋਲ ਵਾਲੀਆਂ ਮਸ਼ੀਨਾਂ ਦੀ ਖਰੀਦ ’ਤੇ ਚਰਚਾ ਸ਼ੁਰੂ ਹੋ ਗਈ ਹੈ। ਕਰੀਬ 1 ਸਾਲ ਦੇ ਰੌਲ਼ੇ ਰੱਪੇ ਮਗਰੋਂ ਇਹ ਖਰੀਦ ਸਿਰੇ ਲੱਗੀ, ਜਿਸ ’ਤੇ ਕਈ ਤਰ੍ਹਾ ਦੇ ਸਵਾਲ ਖੜ੍ਹੇ ਹੋ ਗਏ ਹਨ। ਦੱਸ ਦੇਈਏ ਕਿ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਲਈ 1.09 ਲੱਖ ਭਾਰ ਤੋਲਕ ਮਸ਼ੀਨਾਂ ਖਰੀਦੀਆਂ ਹਨ, ਜਿਨ੍ਹਾਂ ’ਤੇ ਕਰੀਬ 21.52 ਕਰੋੜ ਰੁਪਏ ਤੱਕ ਦਾ ਖਰਚ ਹੋਇਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ 4-4 ਮਸ਼ੀਨਾਂ ਦੇ ਕੁੱਲ 27,314 ਸੈੱਟ ਖਰੀਦੇ ਹਨ। ਵੇਰਵਿਆਂ ਅਨੁਸਾਰ ਕੇਂਦਰੀ ਸਕੀਮ (ਆਈ.ਸੀ.ਡੀ.ਐੱਸ.) ਤਹਿਤ ਹਰ ਆਂਗਣਵਾੜੀ ਸੈਂਟਰ ਲਈ ਬੱਚਿਆਂ ਅਤੇ ਮਾਵਾਂ ਦਾ ਭਾਰ ਤੋਲਣ ਵਾਸਤੇ 4-4 ਮਸ਼ੀਨਾਂ ਦਾ 1-1 ਸੈੱਟ ਖਰੀਦ ਕੀਤਾ ਗਿਆ ਹੈ। ਇਨ੍ਹਾਂ ਮਸ਼ੀਨਾਂ ਦੀ ਸਪਲਾਈ ਜ਼ਿਲ੍ਹਾ ਪੱਧਰ ’ਤੇ ਪੁੱਜ ਚੁੱਕੀ ਹੈ ਅਤੇ ਕਈ ਆਂਗਣਵਾੜੀ ਸੈਂਟਰਾਂ ਨੂੰ ਇਹ ਮਸ਼ੀਨਾਂ ਵੰਡੀਆਂ ਜਾ ਰਹੀਆਂ ਹਨ।

ਮਹਿਕਮੇ ਵਲੋਂ ਜੈੱਮ ਪੋਰਟਲ ਜ਼ਰੀਏ ਮਸ਼ੀਨਾਂ ਦੀ ਖਰੀਦ ਦਾ ਟੈਂਡਰ ਕੀਤਾ ਗਿਆ ਸੀ ਅਤੇ ਇਹ ਖਰੀਦ ਨੈਸ਼ਨਲ ਫੈਡਰੇਸ਼ਨ ਆਫ਼ ਫਾਰਮਰ ਪ੍ਰਕਿਊਰਮੈਂਟ ਪ੍ਰੋਸੈਸਿੰਗ ਐਂਡ ਰਿਟੇਲਿੰਗ ਕੋਆਪਰੇਟਿਵ ਆਫ਼ ਇੰਡੀਆ ਲਿਮਟਿਡ ਤੋਂ ਕੀਤੀ ਗਈ ਹੈ। ਆਲੇ-ਦੁਆਲੇ ਚਰਚਾ ਹੋ ਰਹੀ ਹੈ ਕਿ ਕੌਮੀ ਫੈਡਰੇਸ਼ਨ ਨੂੰ ਪੰਜਾਬ ਦੀਆਂ ਉਨ੍ਹਾਂ ਫਰਮਾਂ ਨੇ ਸਪਲਾਈ ਦਿੱਤੀ ਹੈ, ਜਿਨ੍ਹਾਂ ’ਤੇ ਵਿਜੀਲੈਂਸ ਦਾ ਡੰਡਾ ਖੜਕਦਾ ਹੈ ਪਰ ਇਸ ਗੱਲ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਮੁਤਾਬਕ ਮਹਿਕਮੇ ਤਰਫੋਂ ਜੋ ਟੈਂਡਰ ਕੀਤੇ ਗਏ, ਉਨ੍ਹਾਂ ’ਚ 13.50 ਕਰੋੜ ਰੁਪਏ ਦੀ ਟਰਨ ਓਵਰ ਦੀ ਸ਼ਰਤ ਲਗਾ ਦਿੱਤੀ, ਜਿਸ ਨਾਲ ਕਈ ਕੰਪਨੀਆਂ ਇਸ ਖਰੀਦ ਪ੍ਰਕਿਰਿਆ ’ਚੋਂ ਬਾਹਰ ਹੋ ਗਈਆਂ। ਕਰੀਬ ਸਾਲ ਪਹਿਲਾਂ ਮਹਿਕਮੇ ਨੇ ਕਰੀਬ 5 ਕਰੋੜ ਦੀ ਟਰਨ ਓਵਰ ਦੀ ਸ਼ਰਤ ਲਾਈ ਸੀ, ਉਦੋਂ ਕੁਝ ਫਰਮਾਂ ਨੇ ਮਹਿਕਮੇ ਨੂੰ ਦਰਖਾਸਤਾਂ ਦਿੱਤੀਆਂ ਸਨ ਜਿਸ ਮਗਰੋਂ ਟੈਂਡਰ ਕੈਂਸਲ ਕਰ ਦਿੱਤਾ ਸੀ। ਸਮਾਜਿਕ ਸੁਰੱਖਿਆ ਵਿਭਾਗ ਨੇ ਚਾਰੋਂ ਮਸ਼ੀਨਾਂ ਦਾ ਸੈੱਟ ਸਮੇਤ ਟੈਕਸ 7882 ਰੁਪਏ ’ਚ ਖਰੀਦ ਕੀਤਾ। ਸੌਰਭ ਨਈਅਰ ਮੁਤਾਬਕ ਪੰਜਾਬ ਸਰਕਾਰ ਤਰਫ਼ੋਂ ਟਰਨ ਓਵਰ ਏਨੀ ਜ਼ਿਆਦਾ ਰੱਖੀ ਕਿ ਸਭ ਫਰਮਾਂ ਆਊਟ ਹੋ ਗਈਆਂ। ਪੰਜਾਬ ਸਰਕਾਰ ਜੋ ਚਾਰੋ ਮਸ਼ੀਨਾਂ ਕੌਮੀ ਫੈਡਰੇਸ਼ਨ ਤੋਂ 7882 ਰੁਪਏ ’ਚ ਪ੍ਰਤੀ ਸੈੱਟ ਖਰੀਦ ਰਹੀ ਹੈ, ਉਸੇ ਸਪੈਸ਼ੀਫਿਕੇਸ਼ਨ ਵਾਲੀਆਂ ਮਸ਼ੀਨਾਂ ਉਹ ਸਮੇਤ ਸਭ ਟੈਕਸ 4 ਹਜ਼ਾਰ ਰੁਪਏ ਪ੍ਰਤੀ ਸੈੱਟ ਦੇਣ ਨੂੰ ਤਿਆਰ ਹਨ। ਪੰਜਾਬ ਸਰਕਾਰ ਵਲੋਂ ਇਨ੍ਹਾਂ ਚਾਰੋਂ ਮਸ਼ੀਨਾਂ ਦੇ 27,314 ਸੈੱਟ ਖਰੀਦ ਕੀਤੇ ਗਏ ਹਨ। 

ਫਿਰੋਜ਼ਪੁਰ ਦੀ ਜ਼ਿਲਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਨੇ ਕਿਹਾ ਕਿ ਨਾਪ-ਤੋਲ ਅਧਿਕਾਰੀ ਵਲੋਂ, ਜੋ ਕਲੈਰੀਫਿਕੇਸ਼ਨ ਮੰਗੀ ਗਈ ਸੀ, ਉਸ ਬਾਰੇ ਤਸੱਲੀ ਕਰਾ ਦਿੱਤੀ। ਦੱਸਣਯੋਗ ਹੈ ਕਿ ਜ਼ਿਲਾ ਫਿਰੋਜ਼ਪੁਰ ’ਚ 1261 ਅਤੇ ਜ਼ਿਲਾ ਮੁਕਤਸਰ ’ਚ 894 ਆਂਗਣਵਾੜੀ ਕੇਂਦਰ ਹਨ। ਇਨ੍ਹਾਂ ਕੇਂਦਰਾਂ ਵਿਚ ਆਉਂਦੇ ਬੱਚਿਆਂ ਅਤੇ ਮਾਵਾਂ ਦਾ ਭਾਰ ਤੋਲਣ ਲਈ ਇਹ ਮਸ਼ੀਨਾਂ ਦੀ ਸਪਲਾਈ ਕੀਤੀ ਗਈ ਹੈ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ 3-4 ਸਾਲ ਪਹਿਲਾਂ ਜੋ ਏਦਾਂ ਦੀਆਂ ਮਸ਼ੀਨਾਂ ਖ਼ਰੀਦੀਆਂ ਸਨ, ਉਹ ਕੇਂਦਰਾਂ ’ਚ ਕਬਾੜ ਬਣੀਆਂ ਪਈਆਂ ਹਨ। ਜੋ ਹੁਣ ਸਪਲਾਈ ਦਿੱਤੀ ਗਈ ਹੈ, ਉਸ ਦੀ ਖਰੀਦ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਜੈੱਮ ਪੋਰਟਲ ਦੇ ਨੇਮਾਂ ਅਤੇ ਗਾਈਡਲਾਈਨਜ਼ ਅਨੁਸਾਰ ਇਨ੍ਹਾਂ ਮਸ਼ੀਨਾਂ ਦੀ ਖਰੀਦ ਕੀਤੀ। ਜਿਸ ’ਚ ਸਮੇਤ ਟਰਨ ਓਵਰ ਦੀ ਸ਼ਰਤ ਕੁਝ ਪੰਜਾਬ ਸਰਕਾਰ ਨੇ ਤੈਅ ਨਹੀਂ ਕੀਤਾ ਅਤੇ ਖਰੀਦ ਪ੍ਰਕਿਰਿਆ ਕੇਂਦਰੀ ਨੇਮਾਂ ਮੁਤਾਬਕ ਹੋਈ, ਜਿਸ ’ਚ ਕੁਝ ਵੀ ਗਲਤ ਨਹੀਂ। 


rajwinder kaur

Content Editor

Related News