ਫਾਇਰਿੰਗ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਕਾਬੂ, ਨਾਜਾਇਜ਼ ਹਥਿਆਰ ਤੇ ਨਕਦੀ ਕੀਤੀ ਬਰਾਮਦ

05/03/2022 10:42:03 AM

ਧੂਰੀ (ਜੈਨ, ਅਸ਼ਵਨੀ) : ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਪੁਲਸ ਨੂੰ ਉਸ ਵੇਲਵੇ ਵੱਡੀ ਸਫਲਤਾ ਹੱਥ ਲੱਗੀ ਜੱਦ ਉਨ੍ਹਾਂ ਲੰਘੇ ਐਤਵਾਰ ਨੂੰ ਫਾਇਰਿੰਗ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਦੋਸ਼ੀਆਂ ਦੀ ਪਹਿਚਾਨ ਕਰ ਕੇ ਉਨ੍ਹਾਂ ’ਚੋਂ 1 ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਫੜੇ ਦੋਸ਼ੀ ਤੋਂ ਇਕ ਦੇਸੀ ਪਿਸਤੌਲ, 2 ਕਾਰਤੂਸ, ਇਕ ਮੋਬਾਇਲ ਅਤੇ 25 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਵਿਸ਼ੇਸ਼ ਤੌਰ ’ਤੇ ਪੁੱਜੇ ਜ਼ਿਲਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆਂ ਕਿ ਇਸ ਵਾਰਦਾਤ ਦੇ ਦੋਸ਼ੀਆਂ ਦੀ ਭਾਲ ਲਈ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਨੇ ਪੂਰੀ ਮਿਹਨਤ ਨਾਲ ਦਿਨ-ਰਾਤ ਇਕ ਕਰਦੇ ਹੋਏ ਨਾ ਸਿਰਫ ਪਹਿਲਾਂ ਦੋਸ਼ੀਆਂ ਦੀ ਪਹਿਚਾਨ ਹੀ ਸੁਨਿਸ਼ਚਿਤ ਕੀਤੀ, ਸਗੋਂ ਉਨ੍ਹਾਂ ਨੇ ਇਕ ਦੋਸ਼ੀ ਸਤਿਗੁਰ ਸਿੰਘ ਉਰਫ ਸੱਤੀ ਪੁੱਤਰ ਗੁਰਜੰਟ ਸਿੰਘ ਵਾਸੀ ਜਵੰਦਾ (ਛਾਜਲੀ) ਨੂੰ ਪਿੰਡ ਜਵੰਧਾ ਤੋਂ ਕਾਬੂ ਵੀ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਕੋਲੋਂ ਇਕ ਦੇਸੀ ਪਿਸਤੌਲ 12 ਬੋਰ ਅਤੇ ਇਸ ਦੇ 2 ਜਿੰਦਾ ਕਾਰਤੂਸ, ਖੋਹ ਕੀਤੀ ਗਈ ਨਕਦੀ ’ਚੋਂ 25 ਹਜ਼ਾਰ ਰੁਪਏ ਅਤੇ ਇਕ ਮੋਬਾਇਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਬਾਕੀ ਦੋਸ਼ੀਆਂ ਦੀ ਪਹਿਚਾਨ ਕੁਲਵਿੰਦਰ ਸਿੰਘ ਉਰਫ ਭੂਪ ਪੁੱਤਰ ਬਿੱਕਰ ਸਿੰਘ ਵਾਸੀ ਜਵੰਧਾ (ਛਾਜਲੀ) ਅਤੇ ਲਵਲੀਨ ਉਰਫ ਲਵਨੀਸ਼ ਉਰਫ ਮੋਟਾ ਪੁੱਤਰ ਜਿੰਦਰ ਪਾਲ ਸਿੰਘ ਵਾਸੀ ਪਿੰਡ ਮਹੇਰੂ ਥਾਣਾ ਸਤਨਾਮਪੁਰਾ (ਕਪੂਰਥਲਾ) ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਹ ਵੀ ਸਲਾਖਾਂ ਦੇ ਪਿੱਛੇ ਹੋਣਗੇ। ਜ਼ਿਕਰਯੋਗ ਹੈ ਕਿ ਲੰਘੀ 24 ਅਪ੍ਰੈਲ ਐਤਵਾਰ ਨੂੰ ਤਿੰਨ ਨਕਾਬਪੋਸ਼ਾਂ ਵੱਲੋਂ ਸਥਾਨਕ ਕੱਕੜਵਾਲ ਵਾਲੇ ਪੁੱਲ ਦੇ ਨਜ਼ਦੀਕ ਸਥਿਤ ਇਕ ਦੁਕਾਨ ਤੋਂ 70 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ ਅਤੇ ਇਨ੍ਹਾਂ ਦੋਸ਼ੀਆਂ ਵੱਲੋਂ ਦੁਕਾਨਦਾਰ ਨੂੰ ਡਰਾਉਣ ਖਾਤਰ ਫਾਇਰ ਵੀ ਕੀਤੇ ਗਏ ਸਨ। ਜਿਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਦੇ ਅਗਲੇ ਹੀ ਦਿਨ ਵਪਾਰ ਮੰਡਲ ਵੱਲੋਂ ਇਸ ਵਾਰਦਾਤ ਦੇ ਰੋਸਾ ’ਚ ਬਜ਼ਾਰ ਬੰਦ ਕਰ ਕੇ ਅਗਲੇ ਹੀ ਦਿਨ ਇਕ ਧਰਨਾ ਵੀ ਲਗਾਇਆ ਗਿਆ ਸੀ, ਜਿਸ ਸਬੰਧੀ ਜ਼ਿਲਾ ਪੁਲਸ ਮੁਖੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਥੋੜੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ।

PunjabKesari

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ, ਤਾਂ ਸ਼ਾਇਦ ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਹੋਰ ਪਹਿਲਾਂ ਫੜ ਲਿਆ ਜਾਣਾ ਸੀ, ਕਿਉਂਕਿ ਇਸ ਨਾਲ ਪੁਲਸ ਦਾ ਧਿਆਨ ਡਾਇਵਰਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿਹੜੀ ਵੀ ਕੋਈ ਵਾਰਦਾਤ ਹੋਈ ਹੈ, ਉਨ੍ਹਾਂ ਨੂੰ ਲਗਭਗ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਇਹ ਸਮਝਦਾ ਹੈ ਕਿ ਉਹ ਜ਼ਿਲਾ ਸੰਗਰੂਰ ’ਚ ਕੋਈ ਵਾਰਦਾਤ ਕਰ ਕੇ ਬਚਿਆ ਰਹਿ ਸਕਦਾ ਹੈ, ਤਾਂ ਉਹ ਵੱਡੀ ਭੁੱਲ ਕਰ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News