ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਖ਼ੌਫਨਾਕ ਵਾਰਦਾਤ, ਪਤੀ ਨੇ ਪਤਨੀ ਦਿੱਤੀ ਦਰਦਨਾਕ ਮੌਤ

04/02/2024 6:21:36 PM

ਜਲੰਧਰ : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਦੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਇਕ ਔਰਤ ਦੇ ਹੋਏ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ 1 ਅਪ੍ਰੈਲ, 2024 ਨੂੰ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਪਰਿਵਾਰਕ ਝਗੜੇ ਦੌਰਾਨ ਇਕ ਔਰਤ ਜ਼ਖਮੀ ਹੋ ਗਈ ਸੀ ਅਤੇ ਉਸਨੂੰ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਮਰਜੀਤ ਸਿੰਘ ਅਤੇ ਰਸ਼ਪਾਲ ਕੌਰ ਵਿਆਹੁਤਾ ਜੋੜੇ ਸਨ ਅਤੇ ਅਮਰਜੀਤ ਸਿੰਘ ਨੂੰ ਉਸ ਦੀ ਪਤਨੀ ਦੇ ਨਜਾਇਜ਼ ਸਬੰਧ ਹੋਣ ਦੇ ਸ਼ੱਕ ਦੇ ਕਾਰਨ ਕੁਝ ਗਲਤਫਹਿਮੀਆਂ ਸਨ। ਸਵਪਨ ਸ਼ਰਮਾ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਵਿਚਕਾਰ ਲੜਾਈ ਹੋਈ, ਜਿਸ ਦੇ ਸਿੱਟੇ ਵਜੋਂ ਇਹ ਵਾਰਦਾਤ ਵਾਪਰੀ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ 1 ਅਪ੍ਰੈਲ ਨੂੰ ਤਕਰਾਰ ਦੌਰਾਨ ਅਮਰਜੀਤ ਸਿੰਘ ਨੇ ਰਸ਼ਪਾਲ ਕੌਰ ਦੇ ਸਿਰ ’ਤੇ ਲੋਹੇ ਦੇ ਬਰਤਨ ਨਾਲ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਰਸ਼ਪਾਲ ਕੌਰ ਨੂੰ ਉਸ ਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਤਫ਼ਤੀਸ਼ ਦੇ ਆਧਾਰ 'ਤੇ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਨੰਬਰ 2ਏ ਨਹਿਰੀ ਕਾਲੋਨੀ ਕਪੂਰਥਲਾ ਰੋਡ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਖਿਲਾਫ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਐੱਫਆਈਆਰ 64 ਮਿਤੀ 01-04-2024 ਅਧੀਨ 302 ਆਈ.ਪੀ.ਸੀ. ਦਰਜ ਕੀਤੀ ਗਈ ਹੈ। ਮੁਲਜ਼ਮ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਬਰਤਨ ਵੀ ਬਰਾਮਦ ਕਰ ਲਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿਚ ਸਾਂਝੇ ਕੀਤੇ ਜਾਣਗੇ।

 


Gurminder Singh

Content Editor

Related News