ਪੁਲਸ ਨੇ ਸੁਲਝਾਇਆ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ,ਆੜ੍ਹਤੀਏ ਦਾ ਡਰਾਈਵਰ ਹੀ ਨਿਕਲਿਆ ਚੋਰ

Friday, May 27, 2022 - 03:18 PM (IST)

ਪੁਲਸ ਨੇ ਸੁਲਝਾਇਆ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ,ਆੜ੍ਹਤੀਏ ਦਾ ਡਰਾਈਵਰ ਹੀ ਨਿਕਲਿਆ ਚੋਰ

ਸੰਗਰੂਰ(ਵਿਜੈ ਕੁਮਾਰ ਸਿੰਗਲਾ/ਵਿਕਾਸ/ਕਾਸਲ) : ਭਵਾਨੀਗੜ੍ਹ ਸ਼ਹਿਰ ਦੀ ਅਨਾਜ ਮੰਡੀ 'ਚੋਂ ਬੀਤੇ ਕੱਲ੍ਹ ਦਿਨ ਦਿਹਾੜੇ ਇੱਕ ਆੜ੍ਹਤ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਹੋ ਜਾਣ ਦੀ ਘਟਨਾ ਨੂੰ ਸੁਲਝਾਉਂਦਿਆਂ ਪੁਲਸ ਨੇ ਆੜ੍ਹਤੀਏ ਦੇ ਡਰਾਇਵਰ ਨੂੰ ਚੋਰੀ ਦੀ ਰਕਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਪੀ.ਐੱਸ ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਸੂਚਨਾ ਮਿਲੀ ਸੀ ਕਿ ਅਨਾਜ ਮੰਡੀ ਭਵਾਨੀਗੜ੍ਹ ਵਿਖੇ ਆੜ੍ਹਤੀ ਵਿਨੋਦ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਦੀ ਦੁਕਾਨ 'ਚੋਂ ਵੀਰਵਾਰ ਕਰੀਬ 3 ਵਜੇ ਬਾਅਦ ਦੁਪਹਿਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ 6 ਲੱਖ ਰੁਪਏ ਚੋਰੀ ਕਰ ਲਏ ਗਏ। ਜਿਸ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਪੁਲਸ ਨੇ ਅਣਪਛਾਤੇ ਵਿਅਕਤੀ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਤਪਾ ਪੁਲਸ ਨੇ ਸੁਰੱਖਿਆ ਬਲਾ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਦੀ ਚੈਕਿੰਗ

ਐੱਸ.ਐੱਸ.ਪੀ. ਸਿੱਧੂ ਨੇ ਦੱਸਿਆ ਕਿ ਮਾਮਲੇ ਸਬੰਧੀ ਡੀ.ਐੱਸ.ਪੀ ਭਵਾਨੀਗੜ੍ਹ ਅਤੇ ਪ੍ਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਵੱਲੋਂ ਤੁਰੰਤ ਪੁਲਸ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ 'ਚ ਭੇਜੀਆਂ ਗਈਆਂ ਤਾਂ ਇਸ ਦੌਰਾਨ ਟੈਕਨੀਕਲ ਸਰਵਿਲੈਂਸ ਦੇ ਆਧਾਰ 'ਤੇ ਇਕ ਮੋਟਰਸਾਈਕਲ ਨੰਬਰ ਪੀ.ਬੀ. 84-1229 ਮਾਰਕਾ ਸੀਡੀ ਡੀਲਕਸ ਵਾਰਦਾਤ 'ਚ ਵਰਤਿਆ ਪਾਇਆ ਗਿਆ, ਜਿਸ ਸਬੰਧੀ ਮੋਟਰਸਾਈਕਲ ਦੇ ਮਾਲਕ ਗੁਰਜੰਟ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਮੋਟਰਸਾਈਕਲ ਨੂੰ ਉਸਦਾ ਭਰਾ ਗਾਮਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਭਵਾਨੀਗੜ੍ਹ ਮੰਗ ਕੇ ਲੈ ਗਿਆ ਸੀ। ਗਾਮਾ ਸਿੰਘ ਜੋ ਉਕਤ ਆੜਤੀਏ ਵਿਨੋਦ ਕੁਮਾਰ ਕੋਲ ਬਤੌਰ ਡਰਾਇਵਰ ਨੌਕਰੀ ਕਰਦਾ ਸੀ ਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਕੇ 3 ਲੱਖ 26 ਹਜਾਰ 800 ਰੁਪਏ ਆਪਣੇ ਘਰ ਦੇ ਬੈੱਡ ਦੇ ਸਰ੍ਹਾਣੇ 'ਚੋਂ ਕੱਢ ਕੇ ਬਰਾਮਦ ਕਰਵਾਏ। ਜ਼ਿਲ੍ਹਾ ਪੁਲਸ ਮੁੱਖੀ ਸਿੱਧੂ ਨੇ ਦੱਸਿਆ ਕਿ ਚੋਰੀ ਹੋਈ ਰਕਮ ਅਤੇ ਬਰਾਮਦ ਕੀਤੀ ਗਈ ਰਕਮ ਵਿੱਚ ਕਾਫ਼ੀ ਅੰਤਰ ਪਾਏ ਜਾਣ 'ਤੇ ਆੜ੍ਹਤੀਏ ਵਿਨੋਦ ਕੁਮਾਰ ਨੂੰ ਆਪਣਾ ਹਿਸਾਬ ਕਿਤਾਬ ਦੁਬਾਰਾ ਵਾਚਣ ਦੀ ਹਦਾਇਤ ਕੀਤੀ ਗਈ ਤਾਂ ਆੜ੍ਹਤੀਏ ਨੇ ਦੱਸਿਆ ਕਿ ਹਿਸਾਬ ਵਿੱਚ ਗ਼ਲਤੀ ਲੱਗ ਗਈ ਸੀ ਤੇ ਉਸਦੇ 3 ਲੱਖ 37 ਹਜ਼ਾਰ ਰੁਪਏ ਹੀ ਚੋਰੀ ਹੋਏ ਸਨ।

ਇਹ ਵੀ ਪੜ੍ਹੋ- ਸਿਖਰ ਦੁਪਹਿਰੇ ਆੜ੍ਹਤੀ ਦੀ ਦੁਕਾਨ ਤੋਂ 5 ਲੱਖ 50 ਹਜ਼ਾਰ ਲੁੱਟ ਫਰਾਰ ਹੋਏ ਲੁਟੇਰੇ (ਵੀਡੀਓ)

ਖੁੱਦ ਹੀ ਚੋਰੀ ਕਰਕੇ ਪਾਇਆ ਚੋਰੀ ਹੋਣ ਦਾ ਰੌਲਾ

ਪੁਲਸ ਨੇ ਦੱਸਿਆ ਕਿ ਗਾਮਾ ਸਿੰਘ ਖਾਣਾ ਖਾਣ ਲਈ ਘਰ ਚਲਾ ਗਿਆ ਅਤੇ ਉਸ ਤੋਂ ਬਾਅਦ ਆੜ੍ਹਤੀਆ ਵਿਨੋਦ ਕੁਮਾਰ ਵੀ ਆਪਣੇ ਘਰ ਚਲਾ ਗਿਆ ਤਾਂ ਬਾਅਦ ਵਿੱਚ ਗਾਮਾ ਸਿੰਘ ਨੇ ਆੜ੍ਹਤੀਏ   ਦੀ ਗੈਰ ਮੌਜੂਦਗੀ 'ਚ ਦੁਕਾਨ 'ਤੇ ਆ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਚੋਰੀ ਦੇ ਪੈਸੇ  ਘਰ ਜਾ ਕੇ ਬੈੱਡ 'ਚ ਲੁਕੇ ਕੇ ਵਾਪਸ ਦੁਕਾਨ 'ਤੇ ਆ ਗਿਆ ਤੇ ਚੋਰੀ ਹੋਣ ਦਾ ਰੋਲਾ ਪਾ ਦਿੱਤਾ। ਪੁਲਸ ਨੇ ਦੱਸਿਆ ਕਿ ਉਕਤ ਗਾਮਾ ਸਿੰਘ ਖਿਲਾਫ਼ ਸਾਲ 1997 'ਚ ਥਾਣਾ ਭਵਾਨੀ (ਹਰਿਆਣਾ) ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਹੋਇਆ ਸੀ ਜਿਸ ਮਾਮਲੇ 'ਚ ਉਹ 10 ਸਾਲ ਦੀ ਕੈਦ ਕੱਟ ਚੁੱਕਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News