ਆਟੋ ਸਵਾਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼; 1 ਗ੍ਰਿਫਤਾਰ, 2 ਫਰਾਰ
Monday, Dec 24, 2018 - 05:40 AM (IST)

ਲੁਧਿਆਣਾ, (ਅਨਿਲ)- ਥਾਣਾ ਮੇਹਰਬਾਨ ਦੀ ਪੁਲਸ ਨੇ ਆਟੋ ’ਚ ਸਵਾਰੀਆਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੇ ਗਿਰੋਹ ਨੂੰ ਫਡ਼ਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਸਬੰਧੀ ਥਾਣਾ ਮੇਹਰਬਾਨ ਦੇ ਇੰਚਾਰਜ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸਵਾਰੀਆਂ ਨੂੰ ਆਟੋ ’ਚ ਬਿਠਾ ਕੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਅੱਜ ਮੇਹਰਬਾਨ ਵਲੋਂ ਆ ਰਹੇ ਹਨ, ਜਿਨ੍ਹਾਂ ਨੇ 21 ਦਸੰਬਰ ਦੀ ਰਾਤ ਨੂੰ ਜਲੰਧਰ ਬਾਈਪਾਸ ਨੇਡ਼ੇ ਪੁਲ ਉਪਰ ਆਪਣੇ ਆਟੋ ’ਚ ਸ਼ਕੀਲ ਮੀਆਂ ਪੁੱਤਰ ਗੁਲਜ਼ਾਰ ਮੀਆਂ ਵਾਸੀ ਏਕਤਾ ਕਾਲੋਨੀ ਮੇਹਰਬਾਨ ਨੂੰ ਡਰਾ-ਧਮਕਾ ਕੇ 2 ਮੋਬਾਇਲ, ਕੱਪਡ਼ੇ ਅਤੇ 25 ਹਜ਼ਾਰ ਦੀ ਨਕਦੀ ਖੋਹ ਲਈ ਸੀ। ਮੁਲਜ਼ਮ ਉਕਤ ਸਾਮਾਨ ਨੂੰ ਵੇਚਣ ਆ ਰਹੇ ਹਨ। ਜਿਸ ’ਤੇ ਥਾਣਾ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੌਲਦਾਰ ਬਲਕਾਰ ਸਿੰਘ ਦੀ ਪੁਲਸ ਪਾਰਟੀ ਨੂੰ ਟੀ ਪੁਆਇੰਟ ਬਾਜਡ਼ਾ ਰੋਡ ’ਤੇ ਨਾਕਾਬੰਦੀ ਕਰਨ ਲਈ ਕਿਹਾ। ਨਾਕੇਬੰਦੀ ਦੌਰਾਨ ਪੁਲਸ ਨੇ ਮੌਕੇ ’ਤੇ ਆਟੋ ਚੈਕਿੰਗ ਲਈ ਰੋਕਿਆ ਤੇ ਚਾਲਕ ਅਕਸ਼ੇ ਸੋਨੂੰ ਪੁੱਤਰ ਦੀਪਕ ਕੁਮਾਰ ਵਾਸੀ ਏਕਤਾ ਕਾਲੋਨੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸਦੇ ਬਾਕੀ ਸਾਥੀ ਬਲਵੀਰ ਸਿੰਘ ਪੁੱਤਰ ਮਦਨ ਲਾਲ ਅਤੇ ਮੁਕੱਦਰ ਪੁੱਤਰ ਸਵਾਮੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮ ਅਕਸ਼ੇ ਦੇ ਕਬਜ਼ੇ ’ਚੋਂ ਇਕ ਆਟੋ ਅਤੇ ਕੁਝ ਕੱਪਡ਼ੇ ਬਰਾਮਦ ਕੀਤੇ ਹਨ, ਜਿਸ ਖਿਲਾਫ ਪੁਲਸ ਨੇ ਲੁੱਟ ਕਰਨ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।