ਮੋਦੀ ਦੀਆਂ ਹਰਕਤਾਂ ਨੇ ਸੰਸਾਰ ''ਚ ਹਿੰਦੁਸਤਾਨ ਦਾ ਨਾਂ ਕੀਤਾ ਨੀਵਾਂ : ਕੈਪਟਨ

05/15/2019 9:47:37 PM

ਪਟਿਆਲਾ/ਨਾਭਾ (ਰਾਜੇਸ਼)- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਦੀਆਂ ਹਰਕਤਾਂ ਨੇ ਸੰਸਾਰ 'ਚ ਹਿੰਦੁਸਤਾਨ ਦਾ ਨਾਂ ਨੀਵਾਂ ਕੀਤਾ ਹੈ। ਮੋਦੀ ਦੀ ਬੋਲਚਾਲ ਅਤੇ ਉਸ ਦਾ ਹੰਕਾਰੀ ਰਵੱਈਆ ਪ੍ਰਧਾਨ ਮੰਤਰੀ ਦੀ ਪੋਸਟ 'ਤੇ ਅਨੁਕੂਲ ਨਹੀਂ। ਮੋਦੀ ਨੇ ਪੀ. ਐੱਮ. ਦੇ ਵੱਕਾਰੀ ਅਹੁਦੇ ਨੂੰ ਢਾਹ ਲਾਈ ਹੈ। ਕੈ. ਅਮਰਿੰਦਰ ਸਿੰਘ ਇਥੇ ਨਾਭਾ 'ਚ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ 'ਚ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਖਨੌੜਾ, ਨਾਭਾ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਤੋਂ ਇਲਾਵਾ ਸਮੁੱਚੇ ਆਗੂ ਹਾਜ਼ਰ ਸਨ। ਕੈਪਟਨ ਨੇ ਮੋਦੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੋਦੀ ਹਿੰਦੁਸਤਾਨ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜ ਰਹੇ ਹਨ। ਹਿੰਦੁਸਤਾਨ ਦੀ ਖੂਬਸੂਰਤੀ ਇਸੇ ਗੱਲ 'ਚ ਹੈ ਕਿ ਇਥੇ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਫਿਰਕੂ ਭਾਵਨਾਵਾਂ ਭੜਕਾ ਕੇ ਦੇਸ਼ ਦਾ ਵੱਡਾ ਨੁਕਸਾਨ ਕਰ ਰਹੇ ਹਨ, ਜਿਸ ਤਰ੍ਹਾਂ ਦੇ ਉਹ ਭਾਸ਼ਣ ਦੇ ਰਹੇ ਹਨ, ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਭਾਸ਼ਣ ਪੂਰੇ ਸੰਸਾਰ 'ਚ ਜਾ ਰਹੇ ਹਨ, ਜਿਸ ਕਰ ਕੇ ਉਨ੍ਹਾਂ ਦੇ ਬੇਹੁਦਾ ਭਾਸ਼ਣਾਂ ਨੇ ਸੰਸਾਰ ਭਰ 'ਚ ਭਾਰਤ ਦਾ ਨਾਂ ਨੀਵਾਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਡਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਵਧਾਇਆ ਸੀ ਪਰ ਮੋਦੀ ਨੇ ਇਸ ਅਹੁਦੇ ਦੀ ਮਾਣ-ਮਰਿਆਦਾ 'ਤੇ ਵੱਡੀ ਸੱਟ ਮਾਰੀ ਹੈ, ਲਿਹਾਜ਼ਾ ਅਜਿਹੇ ਵਿਅਕਤੀ ਨੂੰ ਇਸ ਅਹੁਦੇ ਤੋਂ ਹਟਾਉਣਾ ਸਭ ਤੋਂ ਵੱਡੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਹੈ। ਉਨ੍ਹਾਂ ਕਿਹਾ ਕਿ ਮੋਦੀ ਭਾਰਤ-ਪਾਕਿਸਤਾਨ ਅਤੇ ਭਾਰਤ-ਚਾਈਨਾ ਬਾਰਡਰ 'ਤੇ ਤਣਾਅ ਪੈਦਾ ਕਰ ਕੇ ਦੇਸ਼ ਦੀ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੇ ਹਨ। ਇਸ ਤਣਾਅ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਰਿਹਾ ਹੈ। ਪਾਕਿਸਤਾਨ ਨਾਲ ਵਪਾਰ ਰੁਕਣ ਕਰ ਕੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਨਾ ਕਿ ਭੜਕਾਊ ਭਾਸ਼ਣ ਦੇ ਕੇ ਦੇਸ਼ ਨੂੰ ਵੰਡਣ ਦੀ। ਮੋਦੀ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੇ ਹਨ। ਇਸ ਕਰ ਕੇ ਦੇਸ਼ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਮੋਦੀ ਨੂੰ ਇਸ ਪੋਸਟ ਤੋਂ ਚੱਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਦੀ ਤਰ੍ਹਾਂ ਹੀ ਬਾਦਲ ਪਰਿਵਾਰ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ। ਆਪਣੇ ਸਿਆਸੀ ਹਿੱਤਾਂ ਲਈ ਇਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ 'ਚ ਕੈਬਨਿਟ ਮੰਤਰੀ ਹੁੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਮੋਦੀ ਨੇ ਹਮੇਸ਼ਾ ਪੰਜਾਬ ਦੇ ਵਿਕਾਸ ਕਾਰਜਾਂ 'ਚ ਰੁਕਾਵਟਾਂ ਪਾਈਆਂ ਅਤੇ ਪੰਜਾਬ ਨੂੰ ਸਮੇਂ 'ਤੇ ਜੀ. ਐੱਸ. ਟੀ. ਦਾ ਬਣਦਾ ਹਿੱਸਾ ਨਹੀਂ ਦਿੱਤਾ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ। ਉਨ੍ਹਾਂ ਕਿਹਾ ਕਿ ਨਾਭਾ ਨਾਲ ਉਨ੍ਹਾਂ ਦਾ ਪਰਿਵਾਰਕ ਰਿਸ਼ਤਾ ਹੈ। ਇਸ ਸ਼ਹਿਰ ਦੇ ਵਿਕਾਸ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਨਾਭਾ ਵਿਖੇ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਇਸ ਹਲਕੇ ਦੇ ਕਈ ਵਾਰ ਵਿਧਾਇਕ ਰਹੇ ਅਤੇ ਹੁਣ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨੇ ਡਟ ਕੇ ਪ੍ਰਨੀਤ ਕੌਰ ਦੀ ਮਦਦ ਕਰਨ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਅਤੇ ਇਸ ਚੋਣ ਰੈਲੀ ਦੇ ਮੁੱਖ ਆਯੋਜਕ ਸਾਧੂ ਸਿੰਘ ਧਰਮਸੌਤ ਨੇ ਬਾਦਲ ਪਰਿਵਾਰ 'ਤੇ ਤਾਬੜ ਤੋੜ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪੈਣਗੀਆਂ।


satpal klair

Content Editor

Related News