ਗੋਲੀ ਕਾਂਡ : ਐਕਸ਼ਨ ਕਮੇਟੀ ਵੱਲੋਂ 22 ਤੋਂ 24 ਘੰਟਿਆਂ ਲਈ ਸੜਕ ਜਾਮ ਕਰਨ ਦਾ ਐਲਾਨ

Saturday, Jul 20, 2019 - 02:11 AM (IST)

ਗੋਲੀ ਕਾਂਡ : ਐਕਸ਼ਨ ਕਮੇਟੀ ਵੱਲੋਂ 22 ਤੋਂ 24 ਘੰਟਿਆਂ ਲਈ ਸੜਕ ਜਾਮ ਕਰਨ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ (ਦਰਦੀ)–ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਹੋਰ ਮੰਗਾਂ ਸਬੰਧੀ ਪਿਛਲੇ 7 ਦਿਨਾਂ ਤੋਂ ਵਿੱਢੇ ਸੰਘਰਸ਼ ਨੂੰ ਤੇਜ਼ ਕਰਦਿਆਂ 22 ਜੁਲਾਈ ਤੋਂ 24 ਘੰਟਿਆਂ ਲਈ ਮੁਕਤਸਰ ਵਿਖੇ ਸੜਕੀ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਹੈ।
ਇਹ ਫੈਸਲਾ ਕਮੇਟੀ ਵੱਲੋਂ ਮੀਨਾਰ–ਏ–ਮੁਕਤਾ ਪਾਰਕ ਵਿਖੇ ਹੋਈ ਇਕ ਬੈਠਕ ਦੌਰਾਨ ਕੀਤਾ ਗਿਆ ਜਿਸ 'ਚ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਆਜ਼ਾਦ, ਕੋ-ਕਨਵੀਨਰ ਜਗਜੀਤ ਸਿੰਘ ਜੱਸੇਆਣਾ, ਖਜ਼ਾਨਚੀ ਤਰਸੇਮ ਸਿੰਘ ਖੁੰਡੇ ਹਲਾਲ ਤੋਂ ਇਲਾਵਾ ਪੀੜਤ ਪਰਿਵਾਰ ਦੇ ਮੈਂਬਰ ਧਰਮਿੰਦਰ ਸਿੰਘ, ਗੁਰਨਾਮ ਸਿੰਘ ਦਾਊਦ, ਲਛਮਣ ਸਿੰਘ ਸੇਵੇਵਾਲਾ, ਗਗਨ ਸੰਗਰਾਮੀ, ਪਰਮਿੰਦਰ ਸਿੰਘ ਪਾਸ਼ਾ, ਪਾਲਾ ਸਿੰਘ ਖੱਪਿਆਂਵਾਲੀ, ਹਰਬੰਸ ਸਿੰਘ ਸਿੱਧੂ, ਜਸਵਿੰਦਰ ਸਿੰਘ ਗੰਧੜ ਅਤੇ ਮੰਦਰ ਸਿੰਘ ਸਰਾਏਨਾਗਾ ਸ਼ਾਮਲ ਸਨ।

ਕਮੇਟੀ ਨੇ ਮੰਗ ਕੀਤੀ ਹੈ ਕਿ ਜਵਾਹਰੇਵਾਲਾ ਵਿਖੇ ਕਿਰਨਦੀਪ ਸਿੰਘ ਅਤੇ ਮਿੰਨੀ ਰਾਣੀ ਨੂੰ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਦੋਸ਼ੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਅਸਲਾ ਜ਼ਬਤ ਕੀਤਾ ਜਾਵੇ, ਪੀੜਤ ਪਰਿਵਾਰਾਂ ਨੂੰ ਧਮਕੀਆਂ ਦੇਣ ਵਾਲਿਆਂ 'ਤੇ ਕੇਸ ਦਰਜ ਕੀਤਾ ਜਾਵੇ, ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਘੁੰਮ ਰਹੇ ਦੋਸ਼ੀਆਂ ਦੀ ਜਾਇਦਾਦ ਕੇਸ ਨਾਲ ਅਟੈਚ ਕੀਤੀ ਜਾਵੇ। ਇਸੇ ਰੋਸ ਕਾਰਣ ਦੋਹਾਂ ਮ੍ਰਿਤਕਾਂ ਦਾ ਛੇਵੇਂ ਦਿਨ ਵੀ ਪੋਸਟਮਾਰਟਮ ਨਹੀਂ ਹੋ ਸਕਿਆ ਅਤੇ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਸੈਂਕੜੇ ਵਰਕਰ ਅੱਜ ਵੀ ਡੀ. ਸੀ. ਦਫਤਰ ਅੱਗੇ ਧਰਨੇ 'ਤੇ ਡਟੇ ਰਹੇ।

ਧਰਨੇ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮਜ਼ਦੂਰਾਂ ਤੋਂ ਇਲਾਵਾ ਇਨਸਾਫ–ਪਸੰਦ ਸੰਘਰਸ਼ੀ ਤੇ ਜਮਹੂਰੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ 22 ਜੁਲਾਈ ਤੋਂ ਸੜਕ ਆਵਾਜਾਈ ਠੱਪ ਕਰਨ ਦੇ ਰੋਸ ਪ੍ਰਦਰਸ਼ਨ 'ਚ ਵਧ–ਚੜ੍ਹ ਕੇ ਸ਼ਾਮਲ ਹੋਣ। ਉਨ੍ਹਾਂ ਐਲਾਨ ਕੀਤਾ ਕਿ ਪ੍ਰੋਗਰਾਮ ਦੀ ਸਫਲਤਾ ਲਈ ਪਿੰਡ-ਪਿੰਡ ਬੈਠਕਾਂ, ਰੈਲੀਆਂ ਅਤੇ ਮਾਰਚ ਕੀਤੇ ਜਾਣਗੇ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲਾ ਪ੍ਰਧਾਨ ਸੁਖਮੰਦਰ ਕੌਰ ਤੋਂ ਇਲਾਵਾ ਹਰਜੀਤ ਮਦਰੱਸਾ, ਕਾਕਾ ਸਿੰਘ ਖੁੰਡੇ ਹਲਾਲ ਅਤੇ ਮਦਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।


author

Karan Kumar

Content Editor

Related News