ਓਵਰਲੋਡਿਡ ਟਿੱਪਰ ਨੇ ਬਾਈਕ ਸਵਾਰ ਨੂੰ 15 ਫੁੱਟ ਤੱਕ ਘੜੀਸਿਆ, ਹਾਲਤ ਨਾਜ਼ੁਕ
Tuesday, May 26, 2026 - 11:30 AM (IST)
ਲੁਧਿਆਣਾ (ਰਾਜ): ਮਹਾਨਗਰ ਦੇ ਬਿਜਲੀ ਘਰ ਦੇ ਨੇੜੇ ਐਲੀਵੇਟਿਡ ਪੁਲ 'ਤੇ ਬੀਤੀ ਰਾਤ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ 45 ਟਨ ਰੇਤ ਨਾਲ ਲੱਦੇ ਇਕ ਭਾਰੀ ਅਤੇ ਓਵਰਲੋਡਿਡ ਟਿੱਪਰ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਰਫ਼ਤਾਰ ਦਾ ਜਨੂੰਨ ਇਸ ਕਦਰ ਸੀ ਕਿ ਟੱਕਰ ਮਾਰਨ ਤੋਂ ਬਾਅਦ ਵੀ ਡਰਾਈਵਰ ਨੇ ਬ੍ਰੇਕ ਨਹੀਂ ਲਗਾਈ ਅਤੇ ਬੇਵੱਸ ਬਾਈਕ ਸਵਾਰ ਨੂੰ ਸੜਕ 'ਤੇ ਕਰੀਬ 15 ਫੁੱਟ ਤੱਕ ਘੜੀਸਦਾ ਲੈ ਗਿਆ। ਇਸ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਦਰਦਨਾਕ ਹਾਦਸੇ ਵਿਚ ਨੌਜਵਾਨ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਹਨ।
ਖੂਨ ਨਾਲ ਲੱਥਪੱਥ ਇਸ ਪੀੜਤ ਦੀ ਪਛਾਣ 38 ਸਾਲਾ ਵਿਸ਼ਾਲ ਮਲਹੋਤਰਾ ਵਜੋਂ ਹੋਈ ਹੈ। ਘਟਨਾ ਸਥਾਨ 'ਤੇ ਮੌਜੂਦ ਵਿਸ਼ਾਲ ਦੇ ਚਚੇਰੇ ਭਰਾ ਨੇ ਦੱਸਿਆ ਕਿ ਵਿਸ਼ਾਲ ਸਲੇਮ ਟਾਬਰੀ ਇਲਾਕੇ ਵਿਚ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ, ਜਿਸ ਨਾਲ ਉਸ ਦੇ ਪੂਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣਾ ਕੰਮ ਖਤਮ ਕਰਕੇ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਪਰਤ ਰਿਹਾ ਸੀ। ਰਸਤੇ ਵਿਚ ਇਕ ਈ-ਰਿਕਸ਼ਾ ਦੇ ਕੋਲ ਅਚਾਨਕ ਪਿੱਛੇ ਤੋਂ ਆ ਰਹੇ ਇਸ ਭਾਰੀ-ਭਰਕਮ ਟਿੱਪਰ ਨੇ ਉਸ ਨੂੰ ਦਰੜ ਦਿੱਤਾ। ਹਾਦਸਾ ਇੰਨਾ ਖੌਫਨਾਕ ਸੀ ਕਿ ਵਿਸ਼ਾਲ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਵਿਸ਼ਾਲ ਦੇ ਦੋਸਤ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਤੁਰੰਤ ਸੀ.ਐਮ.ਸੀ. ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਵਿਸ਼ਾਲ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ, ਬੇਰਹਿਮ ਟਿੱਪਰ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਮੋਟਰਸਾਈਕਲ ਅਤੇ ਰੇਤ ਨਾਲ ਓਵਰਲੋਡ ਹੋਏ ਟਿੱਪਰ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।
